ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਧੁਨੀਆਂ ਙ ਅਤੇ ਞ, ਅਲੋਪ ਹੋ ਰਹੀਆਂ ਹਨ), ਜਾਂ ਕੁਝ ਧੁਨੀਆਂ ਨਵੀਆਂ ਆ ਜਾਂਦੀਆਂ ਹਨ (ਜਿਵੇਂ ਖ਼, ਗ਼, ਸ਼, ਜ਼ ਆਦਿ)। ਇਸ ਵਰਤਾਰੇ ਦਾ ਕਿਸੇ ਹੱਦ ਤੱਕ, ਅਤੇ ਉਹ ਵੀ ਅਸਿੱਧੇ ਤੌਰ ਉੱਤੇ ਸਭਿਆਚਾਰ ਨਾਲ ਸੰਬੰਧ ਲੱਭਿਆ ਜਾ ਸਕਦਾ ਹੈ। ਇਸ ਦਾ ਮੂਲ ਕਾਰਨ ਇਹ ਹੁੰਦਾ ਹੈ ਕਿ ਉਹ ਸ਼ਬਦ ਅਲੋਪ ਹੋ ਜਾਂਦੇ ਹਨ, ਜਾਂ ਆਪਣੇ ਰੂਪ ਬਦਲ ਲੈਂਦੇ ਹਨ, ਜਾਂ ਐਸੇ ਸ਼ਬਦ ਨਵੇਂ ਆ ਜਾਂਦੇ ਹਨ, ਜਿਨ੍ਹਾਂ ਵਿਚ ਇਹ ਧੁਨੀਆਂ ਵਰਤੀਆਂ ਜਾਂਦੀਆਂ ਹਨ। ਸ਼ਬਦ ਦੀ ਪੱਧਰ ਉੱਤੇ ਵਾਪਰ ਰਹੇ ਇਹ ਸਾਰੇ ਪਰਿਵਰਤਨ ਸਭਿਆਚਾਰ ਨਾਲ ਸੰਬੰਧਿਤ ਹੁੰਦੇ ਹਨ।

ਸ਼ਬਦ ਭਾਸ਼ਾ ਦਾ ਉਹ ਅੰਗ ਹਨ, ਜਿਨ੍ਹਾਂ ਦਾ ਸਿੱਧਾ ਅਤੇ ਅਨਿੱਖੜ ਸੰਬੰਧ ਸਭਿਆਚਾਰ ਨਾਲ ਅਤੇ ਸਭਿਆਚਾਰ ਵਿਚ ਵਾਪਰ ਰਹੇ ਸਭ ਅਮਲਾਂ ਨਾਲ ਹੁੰਦਾ ਹੈ। ਸ਼ਬਦ-ਭੰਡਾਰ ਦਾ ਆਕਾਰ ਸਭਿਆਚਾਰ ਦੇ ਵਿਕਾਸ ਦੀ ਪੱਧਰ ਨੂੰ ਪ੍ਰਗਟ ਕਰਦਾ ਹੈ। ਕੋਈ ਭਾਸ਼ਾ ਉਹਨਾਂ ਅੰਸ਼ਾਂ ਨੂੰ ਹੀ ਪ੍ਰਗਟ ਕਰਦੀ ਹੈ, ਜਿਹੜੇ ਉਸ ਦੇ ਸਭਿਆਚਾਰ ਵਿਚ ਹੁੰਦੇ ਹਨ, ਜਾਂ ਉਸ ਨਾਲ ਸੰਬੰਧਿਤ ਹੋ ਚੁੱਕੇ ਹੁੰਦੇ ਹਨ। ਸ਼ਬਦ-ਭੰਡਾਰ ਕਿਸੇ ਸਭਿਆਚਾਰ ਦੀ ਯਾਦ-ਸ਼ਕਤੀ ਹੈ, ਜਿਸ ਵਿਚ ਇਹ ਆਪਣਾ ਤਜਰਬਾ ਇਕੱਤ੍ਰਿਤ ਕਰੀ ਜਾਂਦਾ ਹੈ। ਕਿਸੇ ਸਭਿਆਚਾਰ ਦੀ ਕਿਸੇ ਅੰਸ਼ ਨੂੰ ਅਪਣਾਉਣ, ਤਿਆਗਣ ਜਾਂ ਜਿਊਂਦੇ ਰੱਖਣ ਦੀ ਕਿਰਿਆ ਇਸ ਦੇ ਸ਼ਬਦ-ਭੰਡਾਰ ਵਿਚ ਪ੍ਰਤਿਬਿੰਬਤ ਹੁੰਦੀ ਹੈ। ਦੂਜੇ ਸਭਿਆਚਾਰਾਂ ਨਾਲ (ਅੰਸ਼-ਪਸਾਰ ਜਾਂ ਸਭਿਆਚਾਰੀਕਰਨ ਰਾਹੀਂ ਲੈਣ-ਦੇਣ ਦਾ ਵੀ ਸ਼ਬਦਾਂ ਤੋਂ ਪਤਾ ਲੱਗਦਾ ਹੈ। ਕਿਸੇ ਸ਼ਬਦ ਦੇ ਅਰਥ-ਪਰਿਵਰਤਨ ਜਾਂ ਰੂਪ-ਵਿਕਾਸ ਦਾ ਕਾਰਣ ਵੀ ਸਭਿਆਚਾਰ ਵਿਚ ਹੀ ਲੁਕਿਆ ਹੁੰਦਾ ਹੈ।

ਕਿਸੇ ਸ਼ਬਦ ਦੇ ਅਰਥ-ਵਸਤੂ ਦੀ ਪੂਰੀ ਥਾਹ ਪਾਉਣ ਲਈ ਸਾਨੂੰ ਉਹ ਅਵਸਥਾ ਵੀ ਧਿਆਨ ਵਿਚ ਰੱਖਣੀ ਪੈਂਦੀ ਹੈ ਜਿਸ ਵਿਚ ਇਹ ਵਰਤਿਆ ਜਾ ਰਿਹਾ ਹੁੰਦਾ ਹੈ ਅਤੇ ਇਹ ਗੱਲ ਕਿਸੇ ਸ਼ਬਦ ਦਾ ਸਭਿਆਚਾਰਕ ਪੱਖ ਪੇਸ਼ ਕਰਦੀ ਹੈ। ਇਸੇ ਲਈ ਕੋਈ ਭਾਸ਼ਾ ਆਪਣੇ ਆਪ ਵਿਚ ਨਾ ਸਿਰਫ਼ ਇਤਿਹਾਸਕ ਸੰਪਰਕਾਂ ਅਤੇ ਪਦਾਰਥਕ ਵਿਕਾਸ ਬਾਰੇ ਹੀ ਦੱਸਦੀ ਹੈ, ਸਗੋਂ ਸਮਾਜਕ ਸੰਬੰਧਾਂ, ਸਮਾਜਕ ਬਣਤਰ, ਵਿਸ਼ਵਾਸਾਂ, ਵਤੀਰਿਆਂ ਆਦਿ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦੇਂਦੀ ਹੈ।

ਵਿਆਕਰਣ ਐਸਾ ਪ੍ਰਬੰਧ ਹੈ, ਜਿਸ ਦੇ ਅੰਦਰ ਜੁੜ ਕੇ ਹੀ ਸ਼ਬਦ ਅਰਥ ਦੇਂਦੇ ਹਨ। ਇਕ ਵਿਚਾਰ ਇਹ ਪਾਇਆ ਜਾਂਦਾ ਹੈ ਕਿ ਧੁਨੀ ਵਾਂਗ ਵਿਆਕਰਣ ਦਾ ਸਭਿਆਚਾਰ ਨਾਲ ਸੰਬੰਧ ਵੀ ਵਿਲੱਖਣ ਹੋਣ ਵਿਚ ਹੀ ਹੈ। ਪਰ ਵਿਆਕਰਣ ਸਭਿਆਚਾਰਕ ਸੰਰਚਨਾ ਵਲੋਂ ਸ਼ਾਇਦ ਧੁਨੀ ਜਿੰਨਾ ਨਿਰਲੇਪ ਨਹੀਂ। ਹਰ ਭਾਸ਼ਾ ਵਿਚ ਠੋਸ ਵਸਤਾਂ, ਵਰਤਾਰਿਆਂ ਅਤੇ ਸੰਬੰਧਾਂ ਤੋਂ ਲੈ ਕੇ ਅਤਿ ਭਾਵ-ਵਾਚਕ ਸੰਕਲਪਾਂ ਤੱਕ ਪ੍ਰਗਟ ਹੋਏ ਮਿਲਦੇ ਹਨ ਅਤੇ ਹਰ ਭਾਸ਼ਾ ਇਹਨਾਂ ਦੇ ਗੁਣ, ਗਿਣਤੀ ਅਤੇ ਲਿੰਗ ਦੇ ਪੱਖੋਂ ਵਰਗੀਕਰਣ ਕਰਦੀ ਹੈ। ਇਹੀ ਵਰਗੀਕਰਣ ਸ਼ਬਦਾਂ ਦੀ ਤਰਤੀਬ ਅਤੇ ਉਹਨਾਂ ਦੇ ਵਿਆਕਰਣਕ ਰੂਪਾਂ ਵਿਚ ਪ੍ਰਗਟ ਹੁੰਦਾ

84