ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਬੜੀ ਅਜੀਬ ਸਥਿਤੀ ਪੈਦਾ ਹੋ ਜਾਏਗੀ, ਜਿਵੇਂ ਕਿ ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਅ ਲਈ ਭਾਸ਼ਾ ਦੀ ਸਿਰਜਨਾ ਨਹੀਂ ਹੋਈ ਹੁੰਦੀ, ਸਗੋਂ ਭਾਸ਼ਾ ਵਿਚ ਪ੍ਰਗਟ ਹੋਣ ਲਈ ਭਾਵ ਅਤੇ ਵਿਚਾਰ ਪੈਦਾ ਹੁੰਦੇ ਹੋਣ। ਇਸੇ ਸਥਾਪਨਾ ਨੂੰ ਨਿਰਪੇਖ ਸੱਚ ਮੰਨਣ ਦਾ ਅਰਥ ਇਹ ਹੋਵੇਗਾ ਕਿ ਭਾਸ਼ਾ ਨੂੰ ਇਕ ਐਸੀ ਜੜ੍ਹ-ਰੂਪ ਹੋਂਦ ਮੰਨ ਲਿਆ ਜਾਏ, ਜਿਸ ਵਿਚ ਕੋਈ ਪਰਿਵਰਤਨ ਜਾਂ ਵਿਕਾਸ ਨਹੀਂ ਹੁੰਦਾ ਅਤੇ ਨਾ ਹੀ ਵਿਚਾਰਾਂ ਵਿਚ ਕੋਈ ਪਰਿਵਰਤਨ ਅਤੇ ਵਿਕਾਸ ਸੰਭਵ ਹੈ, ਕਿਉਂਕਿ ਪਰਿਵਰਤਿਤ ਅਤੇ ਵਿਕਸੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਬਣੇ ਬਣਾਏ ਭਾਸ਼ਾਈ ਸਾਂਚੇ ਨਹੀਂ ਹੁੰਦੇ। ਮਨੁੱਖ ਦਾ ਸਭਿਆਚਾਰਕ ਇਤਿਹਾਸ ਕਿਸੇ ਵੀ ਐਸੇ ਮਿਥਣ ਦਾ ਹੁੰਗਾਰਾ ਨਹੀਂ ਭਰਦਾ।

ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਇਕ ਵਿਸ਼ੇਸ਼ ਸਭਿਆਚਾਰਕ ਸਿਰਜਨਾ ਹੈ, ਜਿਸ ਦਾ ਮੰਤਵ ਸੰਚਾਰ ਦੇ ਕਾਰਜ ਨਿਭਾਉਣਾ ਹੁੰਦਾ ਹੈ। ਹਰ ਭਾਸ਼ਾ ਆਪਣੇ ਸਭਿਆਚਾਰ ਦੇ ਪ੍ਰਸੰਗ ਵਿਚ ਹੀ ਅਰਥ ਰੱਖਦੀ ਹੈ, ਜਿਸ ਕਰਕੇ ਇਸ ਦਾ ਕਿਸੇ ਦੂਜੀ ਭਾਸ਼ਾ ਵਿਚ ਹੂਬਹੂ, ਅਨੁਵਾਦ ਲਗਭਗ ਅਸੰਭਵ ਹੁੰਦਾ ਹੈ। ਹਰ ਭਾਸ਼ਾ ਦਾ ਵਿਸ਼ਲੇਸ਼ਣ ਉਸ ਨੂੰ ਬੋਲਣ ਵਾਲੇ ਜਨ-ਸਮੂਹ ਦੇ ਜੀਵਨ ਅਤੇ ਸਭਿਆਚਾਰ ਦੇ ਸਭ ਪੱਖਾਂ ਬਾਰੇ ਭਰਪੂਰ ਜਾਣਕਾਰੀ ਦੇਂਦਾ ਹੈ। ਤਾਂ ਵੀ ਭਾਸ਼ਾ ਦੇ ਹਰ ਅੰਗ ਦਾ ਸਭਿਆਚਾਰ ਨਾਲ ਸੰਬੰਧ ਇਕੋ ਜਿੰਨਾ ਭਰਪੂਰ ਅਤੇ ਡੂੰਘਾ ਨਹੀਂ ਹੁੰਦਾ। ਸ਼ਬਦ ਦੀ ਪੱਧਰ ਉਤੇ ਇਹ ਸੰਬੰਧ ਸਭ ਤੋਂ ਵਧ ਹੁੰਦਾ ਹੈ। ਅਸਲ ਵਿਚ ਹਰ ਸ਼ਬਦ ਆਪਣੀ ਸਭਿਆਚਾਰਕ ਰੰਗਤ ਰਖਦਾ ਹੁੰਦਾ ਹੈ। ਵਿਆਕਰਣ ਦੀ ਪੱਧਰ ਉਤੇ ਇਹ ਸੰਬੰਧ ਘੱਟ ਪ੍ਰਤੱਖ ਹੈ, ਜਦ ਕਿ ਧੁਨੀ ਦੀ ਪੱਧਰ ਉਤੇ ਇਹ ਪ੍ਰੋਖ ਢੰਗ ਦਾ ਹੈ।

86