ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
7.
ਸਾਹਿਤ ਅਤੇ ਸਭਿਆਚਾਰ

ਸਾਹਿਤ ਆਪਣੇ ਸਭਿਆਚਾਰ ਦੀ ਸ੍ਵੈਚੇਤਨਾ ਹੁੰਦਾ ਹੈ। ਸਾਹਿਤ ਅਤੇ ਇਤਿਹਾਸ ਵਿਚ ਬੁਨਿਆਦੀ ਫ਼ਰਕ ਇਹੀ ਹੈ ਕਿ ਇਤਿਹਾਸ ਸਮਾਜਕ ਯਥਾਰਥ ਦਾ ਬਾਹਰਮੁੱਖੀ ਵਰਨਣ ਹੈ, ਇਸੇ ਲਈ ਇਹ ਵਸਤੂਪਰਕ ਹੋਣ ਦਾ ਪਰਭਾਵ ਦੇਂਦਾ ਹੈ, ਭਾਵੇਂ ਹੁੰਦਾ ਏਨਾ ਨਹੀਂ। ਇਤਿਹਾਸ ਦੀ ਪਹਿਲੀ ਸੀਮਾਂ ਮਿਲਦੇ ਤੱਥ ਹਨ। ਉਹਨਾਂ ਦੀ ਪਛਾਣ, ਪਰਖ, ਤਰਤੀਬ, ਅਰਥ-ਨਿਰਧਾਰਣ, ਵਿਆਖਿਆ ਵਿਚ ਨਿੱਜੀ ਤਰਜੀਹਾਂ ਤੋਂ ਇਲਾਵਾ ਸਮਕਾਲੀ ਸਭਿਆਚਾਰ ਦਾ ਦਖ਼ਲ ਲਾਜ਼ਮੀ ਹੁੰਦਾ ਹੈ। ਦੂਜੇ ਪਾਸੇ, ਤੱਥ ਸਾਹਿਤ ਦਾ ਤੁਰਨ-ਬਿੰਦੂ ਹੁੰਦਾ ਹੈ, ਸੀਮਾ ਨਹੀਂ, ਕਿਉਂਕਿ ਸਾਹਿਤ ਤੱਥ ਨੂੰ ਜਿਉਂ ਦਾ ਤਿਉ ਪੇਸ਼ ਕਰਨ ਦਾ ਨਾ ਜ਼ਿਮਾ ਲੈਂਦਾ ਹੈ, ਨੇ ਦਾਅਵਾ ਕਰਦਾ ਹੈ। ਸਾਹਿਤ ਵਿਚ ਤੱਥ ਬਿੰਬ ਦਾ ਰੂਪ ਧਾਰਨ ਕਰ ਕੇ ਪੇਸ਼ ਹੁੰਦਾ ਹੈ ਅਤੇ ਬਿੰਬ ਯਥਾਰਥ ਤੋਂ ਇਲਾਵਾ ਬੜਾ ਕੁਝ ਹੁੰਦਾ ਹੈ। ਇਹ ਸੁਹਜ ਪੈਦਾ ਕਰਨ ਦਾ ਵਸੀਲਾ ਹੁੰਦਾ ਹੈ ਅਤੇ ਨਾਲ ਹੀ ਲੇਖਕ ਦੇ ਸੰਸਾਰ ਦ੍ਰਿਸ਼ਟੀਕੋਨ ਨੂੰ ਪੇਸ਼ ਕਰਦਾ ਹੈ। ਮੌਲਿਕ ਹੋਣ ਦੇ ਬਾਵਜੂਦ ਇਸ ਉਪਰ ਸਮਕਾਲੀ ਚਿੰਤਨ ਦੀ, ਅਤੇ ਖ਼ਾਸ ਕਰਕੇ ਸਮਕਾਲੀ ਸਾਹਿਤ-ਚਿੰਤਨ ਦੀ ਛਾਪ ਹੁੰਦੀ ਹੈ। ਇਸ ਪਿੱਛੇ ਪਰੰਪਰਾ ਦੇ ਅੰਸ਼ ਵੀ ਕੰਮ ਕਰ ਰਹੇ ਹੁੰਦੇ ਹਨ, ਨਵੀਨਤਾ ਜਾਂ ਪ੍ਰਯੋਗ ਵੱਲ ਸਮਕਾਲੀ ਰਵੱਈਆ ਵੀ ਇਸ ਤੋਂ ਝਲਕਦਾ ਹੈ। ਬਿੰਬ ਆਪਣੇ ਵਿਚ ਲੁਕੀਆਂ ਇਹ ਸਾਰੀਆਂ ਸਮਰੱਥਾਵਾਂ ਆਪਣੇ ਸਭਿਆਚਾਰਕ ਮਾਹੌਲ ਤੋਂ ਪ੍ਰਾਪਤ ਕਰਦਾ ਹੈ।

ਯਥਾਰਥ ਦੇ ਸੰਕਲਪਾਤਮਕ ਰੂਪ ਵਜੋਂ ਬਿੰਬ-ਸਿਰਜਣਾ ਸਾਹਿਤ ਅਤੇ ਦੂਜੀਆਂ ਕਲਾਵਾਂ ਵਿਚ ਸਾਂਝਾ ਲੱਛਣ ਹੈ। ਸਾਹਿਤ ਦੀ ਵਿਲੱਖਣਤਾ ਆਪਣੇ ਮਾਧਿਅਮ, ਭਾਸ਼ਾ, ਕਰਕੇ ਹੈ ਜੋ ਕਿ ਆਪਣੇ ਆਪ ਵਿਚ ਇਕ ਸਭਿਆਚਾਰਕ ਸਿਰਜਣਾ ਹੈ, ਜੋ ਕਿਸੇ ਸਮਾਜ ਨੇ ਸੰਚਾਰ ਦੇ ਆਸ਼ੇ ਨਾਲ ਕੀਤੀ ਹੁੰਦੀ ਹੈ। ਸਾਹਿਤ ਵਿਚ ਭਾਸ਼ਾ ਵੀ ਬਿੰਬ-ਰੂਪ ਹੋ ਨਿੱਬੜਦੀ ਹੈ, ਕਿਉਂਕਿ ਇਹ ਸਿਰਫ਼ ਯਥਾਰਥ ਨੂੰ ਪੇਸ਼ ਕਰਨ ਦਾ ਸਾਧਨ ਹੀ ਨਹੀਂ ਹੁੰਦੀ, ਸਗੋਂ ਉਸ ਪ੍ਰਤਿ ਇਕ ਵਤੀਰਾ ਵੀ ਪੇਸ਼ ਕਰਦੀ ਹੈ। ਨਾਲ ਹੀ ਇਹ ਸੁਹਜ ਅਤੇ ਗਿਆਨ ਦੇਣ ਦੇ ਸਾਹਿਤ ਦੇ ਪ੍ਰਕਾਰਜ ਨਿਭਾਉਣ ਵਿਚ ਉਸ ਦੀ ਸਹਾਇਤਾ ਵੀ ਕਰਦੀ ਹੈ।

87