ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸਾਰੇ ਪ੍ਰਕਾਰਜ ਨਿਭਾਉਣ ਕਾਰਣ ਸਾਹਿਤ ਵਿਚ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ, ਸਗੋਂ ਇਕ ਵਿਸ਼ੇਸ਼ ਸਭਿਆਚਾਰਕ ਵਜ਼ਨ ਦੀ ਧਾਰਨੀ ਹੁੰਦੀ ਹੈ, ਜਿਸ ਦਾ ਸਾਹਿਤ ਵਿਸ਼ੇਸ਼ ਦੇ ਸੰਦਰਭ ਵਿਚ ਵੱਖੋ ਵੱਖਰੀ ਹੱਦ ਤੱਕ ਪ੍ਰਗਟਾਅ ਹੁੰਦਾ ਹੈ। ਕਵਿਤਾ ਵਿਚ ਇਹ ਪ੍ਰਗਟਾਅ ਸਭ ਤੋਂ ਵੱਧ ਦੇਖਣ ਵਿਚ ਆਉਂਦਾ ਹੈ।

ਬਿੰਬ ਅਤੇ ਭਾਸ਼ਾ ਵਿਚ ਵਿਸ਼ੇਸ਼ਤਾ ਤਿੰਨ ਪੱਧਰਾਂ ਉਤੇ ਆ ਸਕਦੀ ਹੈ: ਯੁੱਗ, ਧਾਰਾ ਅਤੇ ਵਿਅਕਤੀਗਤ ਪੱਧਰ ਉਤੇ। ਤਿੰਨਾਂ ਪੱਧਰਾਂ ਉਤੇ ਹੀ ਇਹ ਸ਼ੈਲੀ ਦਾ ਅੰਗ ਬਣਦੀ ਹੈ। ਸ਼ੈਲੀ ਵੀ ਤਿੰਨੇ ਤਰ੍ਹਾਂ ਦੀ ਹੁੰਦੀ ਹੈ: ਯੁੱਗ ਦੀ ਸ਼ੈਲੀ, ਜਦੋਂ ਅਸੀਂ ਮਧਕਾਲੀ ਵਾਰਤਕ, ਆਧੁਨਿਕ ਕਵਿਤਾ ਆਦਿ ਦੀ ਗੱਲ ਕਰਦੇ ਹਾਂ; ਧਾਰਾ ਦੀ ਸ਼ੈਲੀ, ਜਦੋਂ ਅਸੀਂ ਇਸ ਦਾ ਵਰਨਣ ਸਨਾਤਨੀ, ਰੋਮਾਟਿਕ, ਪ੍ਰਭਾਵਵਾਦੀ ਕਹਿ ਕੇ ਕਰਦੇ ਹਾਂ; ਅਤੇ ਵਿਅਕਤੀਗਤ ਸ਼ੈਲੀ, ਜਿਸ ਤੋਂ ਬਿਨਾਂ ਕਿਸੇ ਲੇਖਕ ਦੀ ਵਿਲੱਖਣ ਹੋਂਦ ਸਥਾਪਤ ਨਹੀਂ ਹੁੰਦੀ।

ਯੁੱਗ ਜਾਂ ਧਾਰਾ ਦੀ ਸ਼ੈਲੀ ਦੇ ਨਿਰਧਾਰਨੀ ਲੱਛਣ ਸਮਕਾਲੀ ਸਭਿਆਚਾਰ ਵਿਚ ਚਲ ਰਹੇ ਚਿੰਤਨ ਦੇ ਅਮਲਾਂ ਦਾ ਹੀ ਪ੍ਰਗਟਾਅ ਹੁੰਦੇ ਹਨ। ਮਧਕਾਲੀਨ ਵਾਰਤਕ ਸ਼ੈਲੀ ਸਿਰਫ਼ ਸ਼ਬਦਾਂ ਦੀ ਵਿਸ਼ੇਸ਼ ਬਣਤਰ ਅਤੇ ਚੋਣ ਹੀ ਨਹੀਂ, ਜੋ ਕਿ ਭਾਸ਼ਾ ਦੇ ਕੇਵਲ ਵਿਕਾਸ-ਪੜਾਅ ਦੀ ਸੂਚਕ ਹੁੰਦੀ ਹੈ, ਸਗੋਂ ਯਥਾਰਥ ਬਾਰੇ ਅਨੁਭਵ ਅਤੇ ਚਿੰਤਨ ਦੀ ਵਿਸ਼ੇਸ਼ ਵਿਧੀ ਵੀ ਹੁੰਦੀ ਹੈ। ਇਸੇ ਤਰ੍ਹਾਂ ਰੋਮਾਂਟਿਕ ਸ਼ੈਲੀ ਸਮੁੱਚੇ ਯਥਾਰਥ ਨੂੰ ਗ੍ਰਹਿਣ ਕਰਨ ਅਤੇ ਪੇਸ਼ ਕਰਨ ਦਾ ਇਕ ਵਿਸ਼ੇਸ਼ ਢੰਗ ਹੈ। ਇਹ ਢੰਗ ਇਸ ਦੇ ਚਿੰਤਨ ਦੀ ਵਿਲੱਖਣਤਾ ਨੂੰ, ਇਸ ਦੇ ਫ਼ਲਸਫ਼ੇ ਨੂੰ ਪੇਸ਼ ਕਰਦਾ ਹੈ।

ਯੁੱਗ ਅਤੇ ਧਾਰਾ ਦੀ ਸ਼ੈਲੀ ਵੀ ਭਾਵੇਂ ਵਿਅਕਤੀਗਤ ਸ਼ੈਲੀ ਵਜੋਂ ਹੀ ਸਾਕਾਰ ਹੁੰਦੀ ਹੈ, ਤਾਂ ਵੀ ਇਸ ਦੀ ਇਹਨਾਂ ਦੇ ਅੰਦਰ ਅਤੇ ਇਹਨਾਂ ਤੋਂ ਇਲਾਵਾ ਵੱਖਰੀ ਹੋਂਦ ਹੁੰਦੀ ਹੈ, ਵਿਅਕਤੀਗਤ ਸ਼ੈਲੀ ਵਿਚ ਸਭਿਆਚਾਰਕ ਪ੍ਰਭਾਵ ਹੋਰ ਵੀ ਉਘੜਵੇਂ ਹੋ ਜਾਂਦੇ ਹਨ। ਕਿੰਨਾ ਵੀ ਮੌਲਿਕ ਲੱਗਦਾ ਮਨੁੱਖ ਆਖ਼ਰ ਆਪਣੇ ਸਮੇਂ ਦੇ ਸਭਿਆਚਾਰਕ ਵਾਯੂਮੰਡਲ ਵਿਚ ਸਾਹ ਲੈਂਦਾ ਹੈ। ਉਸ ਦੇ ਚਾਹੁੰਦਿਆਂ ਨਾ-ਚਾਹੁੰਦਿਆਂ, ਇਹ ਸਭਿਆਚਾਰਕ ਵਾਯੂਮੰਡਲ ਸਾਹਿਤਕਾਰ ਵਜੋਂ ਉਸ ਦੀ ਹੋਂਦ ਦਾ ਅੰਗ ਬਣ ਜਾਂਦਾ ਹੈ ਅਤੇ ਉਸ ਦੀ 'ਮੌਲਿਕ' ਸ਼ੈਲੀ ਦੇ ਵੱਖੋ ਵੱਖਰੇ ਅੰਸ਼ਾਂ ਵਜੋਂ ਪ੍ਰਗਟ ਹੁੰਦਾ ਹੈ—ਕਿਤੇ ਸ਼ਬਦ-ਚੋਣ ਅਤੇ ਵਿਸ਼ੇਸ਼ ਮੁਹਾਵਰੇ ਵਿਚ, ਕਿਤੇ ਸੰਸਾਰ-ਦ੍ਰਿਸ਼ਟੀਕੋਨ ਅਤੇ ਜੀਵਨ-ਫ਼ਲਸਫ਼ੇ ਵਿਚ, ਕਿਤੇ ਉਚੀ ਜਾਂ ਧੀਮੀ ਸੁਰ ਵਿਚ, ਰੂਪਾਕਾਰ ਦੀ ਚੋਣ ਅਤੇ ਤਰਜੀਹ ਵਿਚ, ਇਥੋਂ ਤੱਕ ਕਿ ਰੂਪਾਕਾਰ ਦੀ ਭੰਨ-ਤੋੜ, ਅਨੁਸਾਰਤਾ ਜਾਂ ਉਲੰਘਣਾ ਵਿਚ ਵੀ।

ਰੂਪਾਕਾਰ ਨੂੰ ਭਾਵੇਂ ਰੂਪ-ਆਧਾਰਤ ਵੰਡ ਕਰ ਕੇ ਦੇਖਿਆ ਜਾਵੇ, ਜਿਵੇਂ ਕਿ ਨਾਵਲ, ਨਾਟਕ, ਮਹਾਂਕਾਵਿ ਆਦਿ; ਅਤੇ ਭਾਵੇਂ ਭਾਵ-ਅਧਾਰਤ ਵੰਡ ਕਰ ਕੇ, ਜਿਵੇਂ ਕਿ ਦੁਖਾਂਤ, ਸੁਖਾਂਤ, ਵਿਅੰਗ ਆਦਿ; ਇਸ ਦਾ ਸਭਿਆਚਾਰ ਨਾਲ ਸੰਬੰਧ ਹੁੰਦਾ ਜ਼ਰੂਰ ਹੈ, ਭਾਵੇਂ ਇਸ ਨੂੰ ਨਿਸਚਿਤ ਸ਼ਬਦਾਂ ਵਿਚ ਸੂਤ੍ਰਿਤ ਕਰਨਾ ਕਠਿਨ ਹੈ। ਇਸ ਕਠਿਨਾਈ ਦਾ ਕਾਰਨ ਇਹ

88