ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਬੇਗਾਨਗੀ ਦੀ ਸਥਿਤੀ ਇਕ ਹੋਰ ਪੱਖ ਵੀ ਰੱਖਦੀ ਹੈ, ਜਿਸ ਵੱਲ ਸਥਾਪਤ ਸਾਹਿਤ ਵਿਚਲੇ ਲੇਖਕਾਂ ਅਤੇ ਆਲੋਚਕਾਂ ਦਾ ਧਿਆਨ ਘੱਟ ਜਾਂਦਾ ਹੈ, ਕਿਉਂਕਿ ਇਹ ਉਹਨਾਂ ਦੇ ਬਾਵਜੂਦ ਆਪਣੀ ਹੋਂਦ ਰੱਖਦੀ ਹੈ; ਅਤੇ ਇਹ ਪੱਖ ਹੈ ਹਨੇਰ-ਬਿਰਤੀ (ਅੰਧ-ਵਿਸ਼ਵਾਸ, ਕਰਾਮਾਤਾਂ, ਜਾਦੂ-ਟੂਣੇ, ਵਹਿਮ-ਭਰਮ, ਜੋਤਿਸ਼, ਹੋਣੀਵਾਦ ਆਦਿ) ਵਾਲੇ ਅਤੇ ਅਸ਼ਲੀਲ ਸਾਹਿਤ ਦੀ ਭਾਰੀ ਐਡੀਸ਼ਨਾਂ ਵਿਚ ਵਿਕਰੀ। ਅਜਿਹੇ ਪੁਸਤਕ-ਪ੍ਰਕਾਸ਼ਨ ਦੀ ਆਰਥਕਤਾ ਦੇ ਸੂਚਕ-ਅੰਕ ਕਿਸੇ ਵੱਖਰੇ ਸਭਿਆਚਾਰ ਦੀ ਹੋਂਦ ਦੇ ਲਖਾਇਕ ਹੁੰਦੇ ਹਨ, ਜਿਹੜਾ ਸਾਡੇ ਸਮੁੱਚੇ ਸਭਿਆਚਾਰ ਦਾ ਮਹੱਤਵਪੂਰਨ ਨਫ਼ੀ ਹਿੱਸਾ ਹੁੰਦਾ ਹੈ, ਪਰ ਸਥਾਪਤ ਸਾਹਿਤਕ ਸਭਿਆਚਾਰ ਜਿਸ ਦੀ ਹੋਂਦ ਤੋਂ ਵਿਤਰੇਕ ਹੁੰਦਾ ਹੈ।

ਸਮੁੱਚੇ ਤੌਰ ਉਤੇ ਸਾਹਿਤ ਅਤੇ ਸਭਿਆਚਾਰ ਦੇ ਸੰਬੰਧ ਬਾਰੇ ਕਿਹਾ ਜਾ ਸਕਦਾ ਹੈ। ਕਿ ਸਾਹਿਤ ਸਭਿਆਚਾਰ ਦੇ ਇਕ ਅੰਗ, ਬੋਧਾਤਮਕ ਸਭਿਆਚਾਰ, ਦਾ ਇਕ ਛੋਟਾ ਜਿਹਾ ਹਿੱਸਾ ਹੁੰਦਾ ਹੈ। ਕਲਾ ਦੇ ਬਾਕੀ ਰੂਪ, ਫ਼ਲਸਫ਼ਾ, ਧਰਮ, ਇਤਿਹਾਸ, ਮਿਥਿਹਾਸ ਆਦਿ ਇਸ ਅੰਗ ਦੇ ਬਾਕੀ ਹਿੱਸੇ ਹੁੰਦੇ ਹਨ, ਪਰ ਛੋਟਾ ਜਿਹਾ ਅੰਗ ਵੀ ਸਭਿਆਚਾਰ ਨੂੰ ਇਸ ਦੀ ਸਮੁੱਚਤਾ ਵਿਚ ਪ੍ਰਤਿਬਿੰਬਤ ਕਰਨ ਦੇ ਸਮਰੱਥ ਹੁੰਦਾ ਹੈ। ਇਹ ਸਮਕਾਲੀ ਸਮਾਜ ਵਿਚ ਵਾਪਰ ਰਹੇ ਅਮਲਾਂ ਨੂੰ ਨਾ ਸਿਰਫ਼ ਬਿੰਬ ਅਤੇ ਸੰਕਲਪ ਦੀ ਪੱਧਰ ਉਤੇ ਪੇਸ਼ ਹੀ ਕਰਦਾ ਹੈ, ਸਗੋਂ ਉਹਨਾਂ ਅਮਲਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਸਾਹਿਤ ਦੀ ਇਸ ਸਮਰੱਥਾ ਉਪਰ ਸੰਦੇਹ ਵੀ ਸਮਕਾਲੀ ਸਭਿਆਚਾਰਕ ਸਥਿਤੀ ਦੀ ਹੀ ਉਪਜ ਹੁੰਦਾ ਹੈ। ਹਾਲਾਂ ਕਿ ਐਸੀਆਂ ਉਦਾਹਰਣਾਂ ਮਿਲਦੀਆਂ ਹਨ, ਜਦੋਂ ਸਾਹਿਤ ਨੇ ਸਮਾਜਕ ਸਭਿਆਚਾਰਕ ਤਬਦੀਲੀ ਵਿਚ ਫ਼ੈਸਲਾਕੁਨ ਰੋਲ ਨਿਭਾਇਆ ਹੁੰਦਾ ਹੈ। ਸਾਹਿਤ ਅਤੇ ਸਭਿਆਚਾਰ ਦੇ ਇਸ ਜਟਿਲ ਸੰਬੰਧ ਕਾਰਨ ਹੀ ਸਾਹਿਤ ਦੇ ਸਭਿਆਚਾਰਕ ਅਧਿਐਨ ਲਈ ਕੇਵਲ ਮਾਨਵ-ਵਿਗਿਆਨਕ ਪਹੁੰਚ ਬੇਹੱਦ ਅਧੂਰੀ ਹੈ, ਜਿਸ ਅਨੁਸਾਰ ਕਿਸੇ ਸਮੇਂ ਦੇ ਸਾਹਿਤ ਵਿਚ ਮਿਲਦੇ ਸਭਿਆਚਾਰਕ ਅਤੇ ਲੋਕਯਾਨਿਕ ਅੰਸ਼ਾਂ ਨੂੰ ਗਿਣਵਾ ਦਿੱਤਾ ਜਾਂਦਾ ਹੈ। ਕੋਈ ਵੀ ਅੰਸ਼ ਸਾਹਿਤ ਵਿਚ ਜਿਉਂ ਦਾ ਤਿਉਂ ਕਦੀ ਵੀ ਪ੍ਰਤੀਬਿੰਬਤ ਨਹੀਂ ਹੁੰਦਾ, ਸਗੋਂ ਬਿੰਬ ਦਾ ਰੂਪ ਧਾਰ ਕੇ ਹੀ ਪੇਸ਼ ਹੁੰਦਾ ਹੈ, ਜਿਸ ਕਰਕੇ ਉਸ ਦੇ ਸਾਰੇ ਪਸਾਰਾਂ ਨੂੰ ਉਘਾੜਨਾ ਪੈਂਦਾ ਹੈ। ਇਸ ਤੋਂ ਛੁੱਟ ਇਹ ਸਾਰੇ ਅੰਸ਼ ਮਿਲ ਕੇ ਸਾਹਿਤ ਵਿਚ ਜੋ ਪੈਟਰਨ ਬਣਾਉਂਦੇ ਹਨ, ਉਹਨਾਂ ਪੈਟਰਨਾਂ ਨੂੰ ਪਛਾਨਣਾ ਪੈਂਦਾ ਹੈ। ਇਹਨਾਂ ਪੈਟਰਨਾਂ ਦੇ ਪ੍ਰਕਾਰਜਾਂ ਨੂੰ ਅਤੇ ਇਹਨਾਂ ਪਿੱਛੇ ਕੰਮ ਕਰਦੇ ਵਿਚਾਰਾਂ ਨੂੰ ਪਛਾਣ ਕੇ ਸਮਕਾਲੀ ਸਮਾਜ ਦੀ ਸੰਰਚਨਾ ਬਾਰੇ ਸਿੱਟੇ ਕੱਢੇ ਜਾ ਸਕਦੇ ਹਨ। ਇਹਨਾਂ ਅਰਥਾਂ ਵਿਚ ਸਾਹਿਤ ਦਾ ਸਭਿਆਚਾਰਕ ਅਧਿਐਨ ਸਮਾਜ ਅਤੇ ਸਭਿਆਚਾਰ ਦੀ ਆਪਣੇ ਪ੍ਰਤਿ ਚੇਤਨਾ ਦਾ ਅਧਿਐਨ ਹੋ ਨਿੱਬੜਦਾ ਹੈ।

92