ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਭਿਆਚਾਰ ਦੇ ਅਧਿਐਨ ਦਾ ਇਹ ਅੰਤਰ-ਅਨੁਸ਼ਾਸਨੀ ਖਾਸਾ ਏਨਾ ਬਲਵਾਨ ਹੈ ਕਿ ਸੀਮਿਤ ਮੰਤਵ ਵਾਲੇ ਅਧਿਐਨ ਵੀ ਇਕ ਤੋਂ ਵੱਧ ਅਨੁਸ਼ਾਸਨਾਂ ਨੂੰ ਆਪਣੀ ਲਪੇਟ ਵਿਚ ਲਏ ਤੋਂ ਬਿਨਾਂ ਗੁਜ਼ਾਰਾ ਨਹੀਂ ਕਰ ਸਕਦੇ। ਕ੍ਰਿਸਟੋਫ਼ਰ ਕਾਡਵੈਲ ਦੀਆਂ ਦੋ ਪੁਸਤਕਾਂ-ਮਰ ਰਹੇ ਸਭਿਆਚਾਰ ਦਾ ਅਧਿਐਨ ਅਤੇ ਮਰ ਰਹੇ ਸਭਿਆਚਾਰ ਦਾ ਹੋਰ ਅਧਿਐਨ ਬੁਰਜੂਆ ਸਭਿਆਚਾਰ ਦੇ ਰੂਹਾਨੀ ਨਿਘਾਰ ਦਾ ਵਿਸ਼ਲੇਸ਼ਣ ਕਰਦੀਆਂ ਹਨ, ਤਾਂ ਵੀ ਇਹਨਾਂ ਵਿਚ ਸਾਹਿਤ, ਧਰਮ, ਸੁਹਜ-ਸ਼ਾਸਤਰ, ਇਤਿਹਾਸ, ਮਨੋਵਿਗਿਆਨ, ਫ਼ਲਸਫ਼ੇ, ਨੈਤਿਕਤਾ ਆਦਿ ਦੇ ਖੇਤਰਾਂ ਦਾ ਅਧਿਐਨ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਸਭਿਆਚਾਰ ਦੇ ਅਧਿਐਨ ਦਾ ਕੇਂਦਰੀ ਮੰਤਵ ਭਾਵੇਂ ਕੋਈ ਇਕ ਹੀ ਹੋਵੇ, ਤਾਂ ਵੀ ਇਸ ਦੀ ਪਹੁੰਚ ਸਰਬ-ਪੱਖੀ ਹੋਵੇਗੀ। ਰੇਮੰਡ ਵਿਲੀਅਮਜ਼ ਵਲੋਂ ਕੀਤੇ ਗਏ ਅਧਿਐਨ ਇਸ ਪੱਖੋਂ ਚਾਨਣ ਪਾਉਂਦੇ ਹਨ। ਉਸ ਦੀ ਪੁਸਤਕ ਕਲਚਰ ਸਭਿਆਚਾਰ ਦੇ ਸਮਾਜ-ਵਿਗਿਆਨ ਨੂੰ ਪੇਸ਼ ਕਰਦੀ ਹੈ, ਪਰ ਇਸ ਵਿਚ ਉਹ ਸਾਮਾਨਯ ਸਮਾਜ-ਵਿਗਿਆਨ ਤੋਂ ਇਲਾਵਾ, ਇਤਿਹਾਸ, ਵੱਖ ਵੱਖ ਕਲਾਵਾਂ ਦੇ ਇਤਿਹਾਸ, ਸਾਹਿਤਾਲੋਚਨਾ, ਚਿਹਨ-ਵਿਗਿਆਨ, ਰਾਜਨੀਤੀ-ਸ਼ਾਸਤਰ ਅਤੇ ਅਰਥ-ਵਿਗਿਆਨ ਦੀ ਸਹਾਇਤਾ ਲੈਂਦਾ ਹੈ। ਆਪਣੀ ਪੁਸਤਕ ਕਲਚਰ ਐਂਡ ਸੁਸਾਇਟੀ ਵਿਚ ਉਹ ਅੰਗਰੇਜ਼ੀ ਸਾਹਿਤ ਵਿਚ ਸਭਿਆਚਾਰ ਦੇ ਸੰਕਲਪ ਦੇ ਵਿਕਾਸ ਨੂੰ ਲੈਂਦਾ ਹੈ। ਇਸ ਵਿਚ, ਉਹ ਜਿਹੜੇ ਪੰਜ ਕੁੰਜੀਵਤ ਸ਼ਬਦਾਂ ਦਾ ਵਰਨਣ ਕਰਦਾ ਹੈ, ਉਹ ਹਨ: ਸਨਅਤ, ਲੋਕਤੰਤਰ, ਜਮਾਤ, ਕਲਾ ਅਤੇ ਸਭਿਆਚਾਰ।7 ਇਹ ਪੰਜੇ ਸ਼ਬਦ ਹੀ ਵੱਖ ਵੱਖ ਅਨੁਸ਼ਾਸਨਾਂ ਨਾਲ ਸੰਬੰਧਤ ਹਨ, ਜਦ ਕਿ ਬੁਨਿਆਦੀ ਮਸਾਲਾ ਅੰਗਰੇਜ਼ੀ ਸਾਹਿਤ ਵਿਚੋਂ ਲਿਆ ਗਿਆ ਹੈ। ਆਪਣੀ ਪ੍ਰਸਤਕ ਦ' ਲਾਂਗ ਰੈਵੋਲਿਊਸ਼ਨ ਵਿਚ ਉਹ ਫਿਰ ਮੁੱਖ ਤੌਰ ਉੱਤੇ ਅੰਗਰੇਜ਼ੀ ਸਾਹਿਤ ਨੂੰ ਹੀ ਆਪਣੇ ਸਰੋਤ ਵਜੋਂ ਲੈਂਦਾ ਹੈ। ਪਰ ਸਮੁੱਚੇ ਸਭਿਆਚਾਰਕ ਅਮਲ ਦੇ ਵਿਸ਼ਲੇਸ਼ਣ ਦਾ ਕੇਂਦਰੀ ਨੁਕਤਾ 'ਲੋਕਤੰਤਰ’ ਦੇ ਸੰਕਲਪ ਦਾ ਜਨਮ ਅਤੇ ਵਿਕਾਸ ਹੈ, ਜਿਸ ਨੂੰ ਉਹ 'ਲੰਮੇ-ਇਨਕਲਾਬ' ਦਾ ਨਾਂ ਦੇਂਦਾ ਹੈ। ਇਸ ਨੂੰ ਉਹ ਸਨਅਤੀ ਇਨਕਲਾਬ ਅਤੇ ਸਭਿਆਚਾਰਕ ਇਨਕਲਾਬ ਦੇ ਵਿਕਾਸ ਦੇ ਨਾਲ ਮਿਲਾ ਕੇ ਦੇਖਦਾ ਹੈ। ਇਸੇ ਸੰਦਰਭ ਵਿਚ ਉਹ ਕੁਝ ਸਾਹਿਤ-ਰੂਪਾਂ ਦਾ, ਸਾਹਿਤ ਵਿਚ ਲਏ ਜਾ ਰਹੇ ਕੁਝ ਵਿਸ਼ਿਆਂ ਦਾ―ਅਤੇ ਯਥਾਰਥਵਾਦ ਦਾ ਅਧਿਐਨ ਕਰਦਾ ਹੈ। ਆਪਣੀ ਪੁਸਤਕ ਕਮਿਊਨੀਕੇਸ਼ਨਜ਼ ਵਿਚ ਉਹ ਇੰਗਲੈਂਡ ਦੇ ਅਖ਼ਬਾਰਾਂ, ਰਸਾਲਿਆਂ, ਰੇਡੀਓ ਅਤੇ ਟੈਲੀਵੀਯਨ, ਸੰਖੇਪ ਵਿਚ, "ਮਾਸ ਮੀਡੀਆ", ਦਾ ਵਿਸ਼ਲੇਸ਼ਣ ਕਰਦਿਆਂ, ਇਸ ਦੀ ਸਿਆਸਤ ਅਤੇ ਆਰਥਕਤਾ ਉੱਤੇ ਚਾਨਣ ਪਾਉਂਦਾ ਹੈ, ਇਸ ਦਾ ਸਮਾਜ ਅਤੇ ਸਭਿਆਚਾਰ ਉਤੇ ਪ੍ਰਭਾਵ ਉਲੀਕਦਾ ਹੈ ਅਤੇ ਵੱਖੋ ਵੱਖਰੇ ਸਭਿਆਚਾਰਕ ਪਹਿਲੂਆਂ ਨਾਲ ਇਸ ਦਾ ਸੰਬੰਧ ਜੋੜਦਾ ਹੈ।

ਸੋਵੀਅਤ ਵਿਦਵਾਨ ਏ. ਕੁਕਾਰਕਿਨ ਆਪਣੀ ਪੁਸਤਕ ਦ'ਪਾਸਿੰਗ ਏਜ ਵਿਚ ਮਗਰਲੇ ਬੁਰਜੂਆ ਦੌਰ ਦੇ ਸਭਿਆਚਾਰ ਦਾ ਵਿਸ਼ਲੇਸ਼ਣ ਕਰਦਾ ਹੋਇਆ "ਮਾਸ

95