ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਡੀਆ" ਦੀ ਕੁਵਰਤੋਂ ਰਾਹੀਂ ਬੁਰਜੂਆ ਸਭਿਆਚਾਰ ਵਿਚ ਆਏ ਅਵੈੜਾਂ ਦਾ ਵਿਸ਼ਲੇਸ਼ਣ ਕਰਦਾ ਹੈ। "ਮਾਸ-ਮੀਡੀਆ" ਦੇ ਸਾਰੇ ਰੂਪ ਫ਼ਿਲਮਾਂ, ਅਖ਼ਬਾਰ, ਪੁਸਤਕ ਪ੍ਰਕਾਸ਼ਨ, ਰੇਡੀਓ, ਟੈਲੀਵੀਯਨ, ਇਸ਼ਤਿਹਾਰਬਾਜ਼ੀ ਆਦਿ ਉਸ ਦੀ ਵਿਸ਼ਲੇਸ਼ਣ-ਸਾਮੱਗਰੀ ਹਨ, ਜਦ ਕਿ ਫ਼ਲਸਫ਼ਾ, ਸੁਹਜ-ਸ਼ਾਸਤਰ, ਸਾਹਿਤਾਲੋਚਨਾ, ਕਲਾ-ਇਤਿਹਾਸ, ਰਾਜਨੀਤੀ, ਅਰਥ-ਵਿਗਿਆਨ ਉਸ ਦੀ ਟੇਕ ਹਨ।

ਵਿਗਿਆਨਕ-ਤਕਨੀਕੀ ਇਨਕਲਾਬ ਦੇ ਅਸਰ ਹੇਠ ਪੱਛਮੀ ਸਮਾਜ ਵਿਚ ਆ ਰਹੀਆਂ ਤਬਦੀਲੀਆਂ ਅਤੇ ਪ੍ਰਗਟ ਹੋ ਰਹੇ ਵਰਤਾਰੇ ਕਈ ਪੁਸਤਕਾਂ ਵਿਚ ਅਧਿਐਨ ਦਾ ਵਿਸ਼ਾ ਬਣੇ ਹੋਏ ਮਿਲਦੇ ਹਨ। ਇਹ ਸਾਰੇ ਅਧਿਐਨ ਸਭਿਆਚਾਰ ਦੇ ਖੇਤਰ ਦੇ ਅਧਿਐਨ ਹਨ। ਨਵੇਂ ਸੰਕਲਪ ਪੈਦਾ ਹੋ ਰਹੇ ਹਨ। ਪੁਰਾਣੇ ਸੰਕਲਪਾਂ ਨੂੰ ਨਵਾਂ ਵਸਤੂ ਜਾਂ ਨਵੇਂ ਅਰਥ ਮਿਲ ਰਹੇ ਹਨ। 'ਮਾਸ ਮੀਡੀਆ' ਤੋਂ ਛੁੱਟ 'ਮਾਸ ਕਲਚਰ', 'ਸਨਅਤੀ ਸਮਾਜ, ਸਿਖਰਾਂ ਨੂੰ ਪਹੁੰਚ ਰਹੀ ਬੇਗਾਨਗੀ ਲਈ 'ਮਾਸ ਮੈਨ' ਜਾਂ 'ਇਕੱਲਮਾਰੀ ਭੀੜ' ਆਦਿ ਦੇ ਸੰਕਲਪ, ਅੱਜ ਦੇ ਸਭਿਆਚਾਰਕ ਅਮਲਾਂ ਦਾ ਪ੍ਰਗਟਾਵਾ ਹਨ। ਸੀਤ ਯੁੱਧ, ਸਭਿਆਚਾਰਕ ਘੁਸਪੈਠ, ਮਨੋਵਿਗਿਆਨਕ ਜੰਗ ਦੀਆਂ ਕਾਰਵਾਈਆਂ ਅੱਜ ਦੇ ਮਾਹੌਲ ਵਿਚ ਸਭਿਆਚਾਰੀਕਰਨ ਦੇ ਅਮਲ ਹਨ। ਇਹਨਾਂ ਦੇ ਅਧਿਐਨ ਵੀ ਸਭਿਆਚਾਰਕ ਅਧਿਐਨ ਹੀ ਹਨ।

ਇਸ ਤਰਾਂ ਸਭਿਆਚਾਰ ਦੇ ਅਧਿਐਨ ਦਾ ਖੇਤਰ ਦਿਨੋ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ, ਅਤੇ ਇਸ ਦੇ ਨਾਲ ਇਸ ਦਾ ਅਧਿਐਨ ਕਰਨ ਦੇ ਸਰੋਤ ਵਿਸ਼ਾਲ ਹੁੰਦੇ ਜਾ ਰਹੇ ਹਨ। ਅੱਜ ਸਭਿਆਚਾਰ ਦਾ ਅਧਿਐਨ ਕਿਸੇ ਇਕ ਪੱਖ, ਜਾਂ ਕਿਸੇ ਇਕ ਅੰਸ਼ ਨੂੰ ਵੀ ਕੇਂਦਰ ਵਿਚ ਰੱਖ ਸਕਦਾ ਹੈ। ਜਿਵੇਂ ਕਿ ਰੋਲਾਂ ਬਾਰਥ ਵਲੋਂ ਕੀਤੇ ਫ਼ੈਸ਼ਨ, ਪ੍ਰੈਸ ਫੋਟੋਗਰਾਫ਼, ਫ਼ਿਲਮ ਦੇ ਟੋਟੇ, ਜਾਂ ਬਿੰਬ ਦੇ ਅਧਿਐਨ; ਪਰ ਇਹ ਆਪਣੇ ਸਿੱਟਿਆਂ ਵਿਚ ਸੀਮਿਤ ਨਹੀਂ ਹੋਏਗਾ, ਸਗੋਂ ਕਿਤੇ ਵਿਸ਼ਾਲ ਖੇਤਰ ਨੂੰ ਆਪਣੀ ਲਪੇਟ ਵਿਚ ਲਵੇਗਾ।

ਇਸ ਤਰਾਂ ਕਿਸੇ ਵੀ ਸਭਿਆਚਾਰ ਦੇ ਅਧਿਐਨ ਦੇ ਸਰੋਤਾਂ ਵਜੋਂ ਅਸੀਂ ਹੇਠ ਲਿਖੇ ਗਿਆਨ-ਖੇਤਰਾਂ ਵਿਚੋਂ ਇਕ ਜਾਂ ਇਕ ਤੋਂ ਬਹੁਤਿਆਂ ਵੱਲ ਮੁੜ ਸਕਦੇ ਹਾਂ:

1. ਮਾਨਵ ਵਿਗਿਆਨ ਵੱਲ, ਇਸ ਦੇ ਸਾਰੇ ਪਾਸਾਰਾਂ ਵਿਚ;

2. ਸਮਾਜ-ਵਿਗਿਆਨ, ਖ਼ਾਸ ਕਰਕੇ ਸਮਾਜਕ ਸੰਸਥਾਵਾਂ ਅਤੇ ਸਮਾਜਕ ਸਿਧਾਂਤ ਵੱਲ।

3. ਮਨੋਵਿਗਿਆਨ, ਖ਼ਾਸ ਕਰਕੇ ਸਮਾਜਕ ਮਨੋਵਿਗਿਆਨ ਵੱਲ;

4. ਇਤਿਹਾਸ ਵੱਲ, ਕਿਉਂਕਿ ਇਤਿਹਾਸ ਮਨੁੱਖੀ ਸਮਾਜ ਦੇ ਵਿਕਾਸ ਨੂੰ ਵੱਖੋ ਵੱਖਰੀਆਂ ਪੱਧਰਾਂ ਉੱਤੇ ਪੇਸ਼ ਕਰਦਾ ਹੈ;

5. ਸਾਹਿਤ ਵੱਲ, ਕਿਸੇ ਜਨ-ਸਮੂਹ ਦੀ ਸਮਾਜਿਕ ਚੇਤਨਾ ਅਤੇ ਕਿਸੇ ਸਭਿਆਚਾਰ ਦੀ ਸ੍ਵੈ-ਚੇਤਨਾ ਵਜੋਂ:

6. ਭਾਸ਼ਾ ਵੱਲ, ਕਿਉਂਕਿ ਇਹ ਕਿਸੇ ਸਭਿਆਚਾਰ ਦਾ ਮੁਹਾਫ਼ਜ਼ਖ਼ਾਨਾ ਹੀ ਨਹੀਂ

96