ਪੰਨਾ:ਸਰਦਾਰ ਭਗਤ ਸਿੰਘ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੮ )

ਆ ਕੇ ਬੋਲਿਆ, ....'ਹੁਣੇ ਹੀ ਪਤਾ ਲਗ ਜਾਵੇਗਾ... ਆਪਣੀ ਜ਼ਬਾਨੋਂ ਮੈਂ ਆਪ ਆਪਣੀ ਵਡਿਆਈ ਕੀ ਕਰਾਂ...? ਨਬੀ ਖਾਂ ਬਦਮਾਸ਼ ਨੇ ਛੇ ਵਾਰ ਤੀਹ ਤੀਹ ਬੈਂਤ ਖਾਧੇ ਹੋਏ ਸੀ, ਉਹ ਭੂਤਰਿਆ ਫਿਰਦਾ ਸੀ ਤੇ ਆਖਦਾ ਸੀ, 'ਬੈਂਤਾਂ ਨਾਲ ਕੀ ਹੁੰਦਾ ਏ।' ਡਿਪਟੀ ਕਰਮ ਸਿੰਘ ਦੇ ਗਲ ਪਿਆ ਸੀ। ਸੱਠਾਂ ਬੈਂਤਾਂ ਦਾ ਹੁਕਮ ਹੋਇਆ, ਬੈਠਕਾਂ ਕੱਢਦਾ ਹੋਇਆ ਟਿੱਕ ਟਿੱਕੀ ਵਲ ਆਇਆ। ਜਦੋਂ ਮੈਂ ਬੈਂਤ ਮਾਰਨ ਲੱਗਾ ਤਾਂ ਮੈਨੂੰ ਉਸਨੇ ਲਲਕਾਰਿਆ, "ਕਾਲੂ ਤਕੜਾ ਹੋ ਕੇ ਆ ਮੈਂ ਨਬੀ ਖਾਂ ਕਾਲਰ ਵਾਲਾ ਹਾਂ!...ਬਸ ਦਸ ਬੈਂਤ ਨਾ ਝਲ ਸਕਿਆ ਤੇ ਮੂੰਹੋਂ ਝਗ ਜਾਣ ਲਗ ਪਈ। ਬੇ-ਸੁਰਤ ਹੋ ਗਿਆ...।
ਕਾਲੂ ਆਪਣੀ ਬਹਾਦਰੀ ਦਾ ਕੋਈ ਹੋਰ ਵੀ ਕਿੱਸਾ ਸ਼ਾਇਦ ਸੁਣਾਉਂਦਾ ਜੇ ਲੰਬਰਦਾਰ ਵਰਿਆਮ ਸਿੰਘ ਵਿੱਚ ਨਾ ਬੋਲ ਪੈਂਦਾ। ਵਰਿਆਮ ਸਿੰਘ ਨੇ ਆਖਿਆ, 'ਹੱਥ ਦਾ ਚੰਗਾ ਕਰੜਾ ਹੈ....ਮੁਲਤਾਨ ਵਿਚ ਮੈਂ ਦੇਖਦਾ ਰਿਹਾ ਹਾਂ। ਨਾਲੇ ਦੁਬਾਰਾ ਹੈ। ਦਸ ਸਾਲ ਕੈਦ ਕੱਟੀ ਸੂ।'
ਦਰੋਗੇ ਨੇ ਵਰਿਆਮ ਸਿੰਘ ਦੀ ਪ੍ਰੋੜਤਾ ਵਲ ਤਾਂ ਕੋਈ ਧਿਆਨ ਨਾ ਦਿੱਤਾ ਪਰ ਲੰਗਰ ਇਨਚਾਰਜ ਡਿਪਟੀ ਨੂੰ ਹੁਕਮ ਕੀਤਾ ਲਾਂਗਰੀਆਂ ਨੂੰ ਆਖੋ ਰੋਟੀਆਂ ਦੀ ਥਾਂਬੜ ਲਿਆ ਕੇ ਏਥੇ ਰਖਣ। ਸਾਹਿਬ ਬਹਾਦਰ ਆ ਰਹੇ ਨੇ। ਜਿਨ੍ਹਾਂ ਕੱਲ ਤੇ ਅੱਜ ਭੁਖ ਹੜਤਾਲ ਕੀਤੀ ਹੈ। ਉਹਨਾਂ ਨੂੰ ਬੈਂਤ ਲਾਣਗੇ...ਜਾਂ ਉਹ ਰੋਟੀ ਖਾ ਲੈਣ।

'ਬਹੁਤ ਹੱਛਾ!'