ਪੰਨਾ:ਸਰਦਾਰ ਭਗਤ ਸਿੰਘ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੩)


ਹੋਇਆ ਹੈ, ਉਸ ਅਨੁਸਾਰ ਕਾਂਗਰਸੀ ਕੈਦੀ ਰਿਹਾ ਕੀਤੇ ਜਾਣਗੇ, ਪਰ ਕੋਈ ਜੁਗ-ਗਰਦ ਕੈਦੀ ਰਿਹਾ ਨਹੀਂ ਹੋਵੇਗਾ, ਵਾਇਸਰਾਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਕੋਠੀ ਤੋੜ ਸਕਦਾ ਹੈ, ਪਰ ਉਹ ਨਹੀਂ ਮੰਨਦਾ।'
'ਮੈਂ ਤਾਂ ਸ਼ੁਰੂ ਤੋਂ ਹੀ ਆਖ ਰਿਹਾ ਹਾਂ ਕਿ ਅਸਾਂ ਦੀ ਕੋਠੀ ਕਿਸੇ ਨਹੀਂ ਤੋੜਨੀ, ਫਾਂਸੀ ਦੀ ਰੱਸੀ ਗਲ ਪਵਾਉਣੀ ਹੀ ਪਵੇਗੀ, ਇਹ ਕੇਹੜੀ ਨਵੀਂ ਗਲ ਹੈ।'
'ਇਹ ਵੀ ਪਤਾ ਲਗਾ ਹੈ।'
'ਕਿਸ ਗਲ ਦਾ?'
'ਮਹਾਤਮਾ ਗਾਂਧੀ ਨੇ ਆਖ ਦਿਤਾ ਹੈ ਕਿ ਜੇ ਉਨ੍ਹਾਂ ਤਿੰਨਾਂ ਨੌਜੁਆਨਾਂ ਨੂੰ ਫਾਹੇ ਟੰਗਣਾਂ ਹੀ ਹੈ ਤਾਂ ਸਰਬ ਹਿੰਦ ਕੌਮੀ ਕਾਂਗ੍ਰਸ ਦੇ ਸਾਲਾਨਾ ਕਰਾਚੀ ਜਲਸੇ ਤੋਂ ਪਹਿਲਾਂ ਪਹਿਲਾਂ ਹੀ ਫਾਹੇ ਲਾ ਦਿਓ।'
ਕਰਾਚੀ ਵਾਲਾ ਜਲਸਾ ਕਦੋਂ ਹੋ ਰਿਹਾ ਹੈ?'
'ਏਸੇ ਮਹੀਨੇ ਦੇ ਅੰਤ ਵਿਚ।'
'ਫਿਰ ਤਾਂ ਪਿਤਾ ਜੀ! ਬਹੁਤ ਖੁਸ਼ੀ ਦੀ ਗਲ ਹੈ,
ਅਗੋਂ ਗਰਮੀ ਆ ਰਹੀ ਹੈ। ਜੇਹਲ ਦੀਆਂ ਕਾਲ ਕੋਠੜੀਆਂ ਵਿਚ ਸਰੀਰ ਸਾੜਨ ਤੇ ਜਿੰਦ ਅਜ਼ਾਬਾਂ ਵਿਚ ਪਾਉਣ ਨਾਲੋਂ ਫਾਂਸੀ ਲਗਕੇ ਸਦਾ ਵਾਸਤੇ ਸੁਤੰਤ੍ਰਤਾ ਹਾਸਲ ਕਰਨੀ ਹਛੀ ਹੈ। ਕਹਿੰਦੇ ਨੇ ਮਰਨ ਤੋਂ ਪਿਛੋਂ ਆਖਦੇ ਨੇ ਹੱਛਾ ਜੀਵਨ ਨਸੀਬ ਹੁੰਦਾ ਹੈ। ਮੈਂ ਫਿਰ ਭਾਰਤ ਵਿਚ ਜਨਮ ਲਵਾਂਗਾ, ਸ਼ਾਇਦ ਗੋਰੇ ਨਾਲ ਇਕ ਵਾਰ ਹੋਰ ਟਕਰ ਲੈਣੀ ਪਵੇ। ਮੇਰਾ ਦੇਸ਼ ਸੁਤੰਤ੍ਰਤਾ ਹਾਸਲ ਕਰੇ।'