ਪੰਨਾ:ਸਹੁਰਾ ਘਰ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਲੇ, ਪਾਣੀ ਪਿਲਾਵੇ। ਪਤਨੀ ਨੂੰ ਚਾਹੀਦਾ ਹੈ ਕਿ ਉਹ ਹਸਦੇ ਮੁਖੜੇ ਪਤੀ ਜਾਂ ਘਰ ਦੇ ਹੋਰ ਕੰਮ ਕਾਰ ਕਰਨ ਵਾਲਿਆਂ ਦਾ ਸ੍ਵਾਗਤ ਕਰੇ ।ਇਸਤ੍ਰੀ ਨੂੰ ਆਪਣੇ ਪਤੀ ਦੇ ਕੰਮ ਕਾਰ ਦਾ ਵੀ ਗਿਆਨ ਰਖਣਾ ਚਾਹੀਦਾ ਹੈ, ਤਾਕਿ ਉਹ ਉਸ ਦੀਆਂ ਗੱਲਾਂ ਨੂੰ ਸਮਝ ਸਕੇ। ਪਤੀ ਦੀਆਂ ਚਿੜਚਿੜੀਆਂ ਗੱਲਾਂ ਦਾ ਜਵਾਬ ਨਿਤਾ ਤੇ ਸ਼ਾਂਤੀ ਨਾਲ ਦੇਵੇ । ਬਹੁਤ ਸਾਰੀਆਂ ਇਸਤ੍ਰੀਆਂ ਕੌੜੀ ਗੱਲ ਦਾ ਜਵਾਬ ਕੌੜਾ ਦੇ ਕੇ ਗਲ ਨੂੰ ਵਿਗਾੜ ਲੈਂਦੀਆਂ ਹਨ। ਉਹ ਪਤੀ ਦਾ ਦਿਲ ਦੁਖਾਉਂਦੀਆਂ ਤੇ ਨਾਲ ਹੀ ਆਪਣੇ ਸੂਖ ਸਾਂਤੀ ਉਤੇ ਭੀ ਕੁਹਾੜਾ ਮਾਰਦੀਆਂ ਹਨ । ਸਿਆਣੀ ਇਸਤ੍ਰੀ ਤਾਂ ਉਹ ਹੈ ਜੇਹੜੀ ਹਾਸੇ ਠੱਠੇ ਵਿਚ ਸਭਨਾਂ ਦੁੱਖਾਂ ਨੂੰ ਰੋੜ੍ਹ ਦੇਵੇ । ਜਦ ਬੱਚਾ ਮੱਛਰਦਾ ਹੈ ਅਤੇ ਮਾਂ ਨੂੰ ਗਾਲ੍ਹਾਂ ਕਢਦਾ ਹੈ ਤਾਂ ਉਸ ਦੇ ਉਤੇ ਉਹ ਗੁੱਸਾ ਨਹੀਂ ਕਰਦੀ, ਸਗੋਂ ਮਿੱਠੀਆਂ ਗੱਲਾਂ ਨਾਲ ਉਸਨੂੰ ਮਨਾ ਲੈਂਦੀ ਹੈ। ਇਸੇ ਤਰ੍ਹਾਂ ਹੀ ਜੇਕਰ ਪਤੀ ਰੌਠ ਜਾਵੇ ਜਾਂ ਖਿੱਝ ਜਾਵੇ, ਤਾਂ ਪਤਨੀ ਨੂੰ ਚਾਂਹੀਦਾ ਹੈ ਕਿ ਉਹ ਆਪਣੇ ਮਿੱਠੇ ਸੁਭਾਵ ਨਾਲ ਉਸ ਨੂੰ ਰਾਜ਼ੀ ਕਰ ਲਵੇ, ਅਤੇ ਉਸਦਾ ਗੁੱਸਾ ਉਤਾਰ ਦਵੇ। ਇਹ ਨਹੀਂ ਚਾਹੀਦਾ ਕਿ ਸਗੋਂ ਬਾਤ ਦਾ ਬਤੰਗੜ ਬਣਾ ਦੇਵੇ। ਜੇ ਇਸਤ੍ਰੀ ਸਿਆਣੀ ਹੋਵੇ ਤੇ ਉਸਦੇ ਅੰਦਰ ਪਤੀ ਦਾ ਪ੍ਰੇਮ ਹੋਵੇ ਤਾਂ ਉਹ ਸੁਭਾਵਕ ਹੀ ਹਰ ਵੇਲੇ ਪ੍ਰੇਮ ਭਰੀਆਂ ਤੇ ਰਸ- ਭਿੰਨੀਆਂ ਗਲਾਂ ਕਰੇਗੀ । ਇਹ ਯਾਦ ਰਖੋ ਕਿ ਪੁਰਸ਼ ਪ੍ਰੇਮ ਤੇ ਸੇਵਾ ਦਾ ਭੁੱਖਾ ਹੈ। ਜੇਕਰ ਉਸ ਨੂੰ ਇਹ ਤਸਲੀ ਹੋ ਜਾਵੇ ਕਿ ਉਸ ਦੀ ਘਰ ਵਾਲੀ ਉਸ ਨੂੰ ਦਿਲੋਂ ਪਿਆਰ ਕਰਦੀ ਹੈ, ਉਸਦੇ ਉਤੇ ਭਰੋਸਾ ਰਖਦੀ ਹੈ, ਤਾਂ ਉਹ ਸੁਖ ਸਹੂਲਤਾਂ ਵਲ ਜ਼ਰੂਰ ਧਿਆਨ ਦੇਵੇਗਾ, ਇਸ ਲਈ ਹਰ ਇਕ ਵਿਆਹੀ ਭੈਣ ਨੂੰ ਇਸ ਢੰਗ ਨਾਲ ਤੁਰਨਾ ਚਾਹੀਦਾ ਹੈ ਕਿ ਪਤੀ ਨੂੰ ਉਸਦੇ ਪ੍ਰੇਮ ਉਤੇ ਤਸੱਲੀ ਰਹੇ।

-੧੦੭-