ਪੰਨਾ:ਸਹੁਰਾ ਘਰ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਮਿਟ ਜਾਂਦਾ ਹੈ ਤਾਂ ਉਹ ਅਤ੍ਰਿਪਤ ਜਿਹਾ ਹੋਕੇ ਂ ਦੁਨੀਆ ਦੇ ਹੋਰ ਹੋਰ ਕੰਮਾਂ ਵਿਚ ਆਪਣੇ ਆਪ ਨੂੰ ਭੁਲਾਉਣ ਦਾ ਯਤਨ ਕਰਦਾ ਹੈ । ਸ਼ੁਰੂ ਦੀ ਉਹ ਖਿੱਚ, ਉਹ ਪ੍ਰੇਮ ਭਰੀਆਂ ਗੱਲਾਂ ਘਟਣ ਲਗ ਜਾਂਦੀਆਂ ਹਨ।

ਇਸ ਦੇ ਉਲਟ ਇਸਤ੍ਰੀ ਸ਼ੁਰੂ ਵਿਚ ਹੀ ਆਪਣੇ ਆਪ ਨੂੰ ਬਹੁਤ ਲੁਕਾਉਂਦੀ ਹੈ। ਉਸਦੇ ਦਿਲ ਵਿਚ ਬਹੁਤ ਹੌਲੀ ਹੌਲੀ ਉਬਾਲ ਆਉਂਦਾ ਹੈ। ਉਹ ਹੌਲੀ ਹੌਲੀ ਤੇ ਚੁਪ ਚਾਪ ਆਪਣੇ ਆਪ ਨੂੰ ਕੁਰਬਾਨ ਕਰਨਾ ਪਸੰਦ ਕਰਦੀ ਹੈ, ਅਤੇ ਉਸ ਦਾ ਦਾਨ ਸਾਰੀ ਉਮਰ ਕਦੇ ਸਮਾਪਤ ਹੀ ਨਹੀਂ ਹੁੰਦਾ। ਏਧਰ ਜਦ ਪਤੀ ਦਾ ਸ਼ੌਂਕ ਘਟ ਜਾਂਦਾ ਹੈ, ਤਾਂ ਉਸ ਦਾ ਪ੍ਰੇਮ ਭੀ ਦਿਨ ਪਰ ਦਿਨ ਬਹੁਤ ਡੂੰਘਾ ਅਤੇ ਵਿਆਪਕ ਹੁੰਦਾ ਹੈ।

ਫ਼ਰਾਂਸ ਦੇ ਇਕ ਪ੍ਰਸਿਧ ਲੇਖਕ ‘ਅਨਾਤੋਲ ਨੇ ਇਕ ਜਗ੍ਹਾ ਬਿਲਕੁਲ ਠੀਕ ਲਿਖਿਆ ਹੈ—‘ਇਸਤ੍ਰੀ ਇਕਰਾਰ ਨਹੀਂ ਕਰਦੀ, ਪਰ ਪੁਰਸ਼ ਉਤੋਂ ਉਹ ਸਭ ਕੁਝ ਕੁਰਬਾਨ ਕਰ ਸੁਟਦੀ ਹੈ। ਪੁਰਸ਼ ਇਕਰਾਰ ਬਹੁਤੇ ਕਰਦਾ ਹੈ, ਪਰ ਸਮਾਂ ਆਉਣ ਪਰ ਉਹ ਸਾਫ਼ ਮੁੱਕਰ ਜਾਂਦਾ ਹੈ। ਇਸ ਲਈ ਇਸਤੀਆਂ ਦੀ ਸਾਰੀ ਆਸ਼ਾ ਪਤੀ ਦੇ ਉਸ ਥੋੜੇ ਜੇਹੇ ਪ੍ਰੇਮ ਉੱਤੇ ਹੀ ਕਾਇਮ ਹੈ। ਉਸਦੇ ਬਿਨਾਂ ਉਸਦਾ ਜੀਵਨ ਸੁੰਨਾ ਹੋ ਜਾਂਦਾ ਹੈ। ਇਸ ਲਈ ਵਿਆਹ ਪਿਛੋਂ ਸਦਾ ਇਸ ਗਲ ਦਾ ਧਿਆਨ ਰਖੋ ਕਿ ਤੁਹਾਥੋਂ ਛੋਟੇ ਤੋਂ ਛੋਟਾ ਕੋਈ ਭੀ ਕੰਮ ਐਸਾ ਨਾ ਹੋ ਜਾਵੇ ਜਿਸ ਨਾਲ ਤੁਹਾਡੇ ਪਤੀ ਦੇ ਮਨ ਉਤੇ ਉਸਦਾ ਭੈੜਾ ਅਸਰ ਪਵੇ।

ਪੁਰਸ਼ ਬਹੁਤ ਛੇਤੀ ਘਾਬਰ ਜਾਂਦਾ ਹੈ। ਇਸ ਲਈ ਉਸਦਾ ਜੇ ਇੱਕ ਵਾਰੀ ਪ੍ਰੇਮ ਗੁਆ ਲਈਏ ਤਾਂ ਫਿਰ ਉਹ ਮੁੜ ਨਹੀਂ ਸਕਦਾ। ਸੋ ਤੁਹਾਨੂੰ ਚਾਹੀਦਾ ਹੈ ਕਿ ਉਸਦਾ ਪ੍ਰੇਮ ਬਹੁਤ ਸੰਭਾਲ ਕੇ ਰਖੋ। ਤੁਹਾਡੀ ਛੋਟੀ ਜਿਹੀ ਗ਼ਲਤੀ, ਉਸਦਾ ਦਿਲ ਖੱਟਾ ਕਰਨ

–੧੨੬-