ਪੰਨਾ:ਸਹੁਰਾ ਘਰ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦਿਆਂ ਹੀ ਬੱਚਾ ਦੌੜ ਕੇ ਮੇਰੀ ਗੋਦ ਵਿਚ ਆ ਜਾਵੇ, ਪਰ ਜੇ ਉਸ ਦੀ ਮਾਂ ਇਹ ਚਾਹੇ ਕਿ ਚਾਰ ਛੇ ਮਹੀਨੇ ਉਸ ਦਾ ਪਿਤਾ ਉਸ ਬੱਚੇ ਨੂੰ ਸੰਭਾਲੇ ਤਾਂ ਉਹ ਪਤੀ ਇਸ ਦੇ ਲਈ ਕਦੇ ਵੀ ਖੁਸ਼ੀ ਖੁਸ਼ੀ ਤਿਆਰ ਨਹੀਂ ਹੋਵੇਗਾ। ਪਤੀ ਦਾਈਆਂ ਤੇ ਨੌਕਰਾਣੀਆਂ ਰਖ ਕੇ ਦੇ ਸਕਦਾ ਹੈ, ਪਰ ਆਪ ਇਸ ਝਮੇਲੇ ਵਿਚ ਨਹੀਂ ਫਸੇਗਾ। ਪੁਰਸ਼ ਸਦਾ ਘਰੋਗੇ ਜੀਵਨ ਦੀਆਂ ਜ਼ਿੰਮੇਵਾਰੀਆਂ ਤੇ ਬੰਧਨਾਂ ਤੋਂ ਉਦਾਸ ਰਹਿੰਦਾ ਹੈ। ਪਰ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਦੀ ਇਸਤ੍ਰੀ ਉਨ੍ਹਾਂ ਹੀ ਬੰਧਨਾਂ ਵਿਚ ਸੁਖੀ ਦਿੱਸੇ।

ਪੁਰਸ਼ ਆਪਣੇ ਆਪ ਨੂੰ ਫੈਲਾਣਾ ਚਾਹੁੰਦਾ ਹੈ। ਉਹ ਬਾਹਰੀ ਜੀਵਨ ਦਾ ਤੇ ਬਾਹਰੀ ਸੰਸਾਰ ਦਾ ਪ੍ਰੇਮੀ ਹੈ। ਇਕ ਨਾਲ ਪ੍ਰੇਮ ਕਰ ਕੇ ਉਸ ਦੀ ਖ਼ਾਤਰ ਆਪਣੇ ਜੀਵਨ ਨੂੰ ਕੁਰਬਾਨ ਕਰ ਦੇਣਾ ਤੇ ਸੰਸਾਰ ਦੀਆਂ ਹੋਰਨਾਂ ਗੱਲਾਂ ਦਾ ਖ਼ਿਆਲ ਨਾ ਕਰਨਾ ਇਹ ਪੁਰਸ਼ ਕੋਲੋਂ ਨਹੀਂ ਹੋ ਸਕਦਾ। ਪੁਰਸ਼ ਕੇਵਲ ਇਹੋ ਹੀ ਨਹੀਂ ਚਾਹੁੰਦਾ ਕਿ ਉਸ ਦੀ ਇਸਤ੍ਰੀ ਉਸ ਨੂੰ ਪਿਆਰ ਕਰਦੀ ਰਹੇ, ਸਗੋਂ ਉਹ ਇਹ ਭੀ ਚਾਹੁੰਦਾ ਹੈ ਕਿ ਉਸ ਦੀ ਇਸਤ੍ਰੀ ਆਪਣੇ ਪ੍ਰੇਮ ਨੂੰ ਬਰਾਬਰ ਪ੍ਰਗਟ ਭੀ ਕਰੇ। ਉਹ ਪਤਨੀ ਦੇ ਚੁਪਚਾਪ, ਸ਼ਾਂਤ, ਸਨੇਹ ਤੇ ਮਿੱਠੇ ਸੁਭਾਵ ਤੋਂ ਹੀ ਖ਼ੁਸ਼ ਨਹੀਂ ਹੁੰਦਾ, ਸਗੋਂ ਇਹ ਚਾਹੁੰਦਾ ਹੈ ਕਿ ਪਤਨੀ ਉਸ ਨੂੰ ਆਖੇ‘ਪਿਆਰੇ ਜੀ ! ਤੁਹਾਡੇ ਪ੍ਰੇਮ ਵਿਚ ਮੇਰੀ ਬੁਰੀ ਦਸ਼ਾ ਹੈ। ਮੈਨੂੰ ਤੁਹਾਡੇ ਇਥੇ ਨਾ ਰਹਿਣ ਵੇਲੇ ਖਾਣਾ ਪੀਣਾ ਭੀ ਚੰਗਾ ਨਹੀਂ ਲੱਗਦਾ।” ਇਸ ਤਰ੍ਹਾਂ ਪੁਰਸ਼ ਪ੍ਰੇਮ ਭੀ ਚਾਹੁੰਦਾ ਹੈ ਤੇ ਉਸ ਪ੍ਰੇਮ ਦਾ ਦਿਖਾਵਾ ਭੀ। ਉਹ ਚੁਪ- ਚਾਪ ਪ੍ਰੇਮ ਰੂਪੀ ਅੰਮ੍ਰਿਤ ਨੂੰ ਪੀ ਕੇ ਤ੍ਰਿਪਤ ਹੋਣ ਵਾਲਾ ਨਹੀਂ | ਅਜੇਹੀ ਤਾਂ ਇਸਤ੍ਰੀ ਹੀ ਹੈ ਜੋ ਆਪਣੇ ਅਨਬੋਲਦੇ ਨੂੰ ਭੀ ਪ੍ਰਾਪਤ ਕਰ ਕੇ ਤ੍ਰਿਪਤ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਧੰਨ ਸਮਝਦੀ ਹੈ।

-੩੨-