ਪੰਨਾ:ਸਹੁਰਾ ਘਰ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੀ ਦੀ ਬੁਰਾਈ ਕਰਦੀ ਹੈ। ਅਜੇਹਾ ਢੰਗ ਹੇਠਾਂ ਡੇਗਣ ਵਾਲਾ ਤੇ ਖ਼ਤਰਨਾਕ ਹੈ। ਇਸ ਤੋਂ ਸਦਾ ਬਚੇ ਰਹੋ। ਕਿਸੇ ਦੀ ਬੁਰਾਈ ਨਾ ਮਨ ਵਿਚ ਲਿਆਓ ਤੇ ਨਾ ਕਿਸੇ ਨੂੰ ਦੱਸੋ। ਕੋਈ ਕਰੇ ਭੀ ਤਾਂ ਉਸ ਦੇ ਵਲ ਧਿਆਨ ਹੀ ਨਾ ਦਿਓ।
ਕੰਮ ਕਾਰ ਵਿਚ ਕਿੰਨਿਆਂ ਥੱਕਿਅਾਂ ਹੋਣ ਤੇ ਭੀ ਜੇ ਤੁਹਾਨੂੰ ਕੋਈ ਕੰਮ ਕਰਨ ਲਈ ਆਖੇ ਤਾਂ ਆਪਣੇ ਥਕੇਵੇਂ ਤੇ ਆਲਸ ਨੂੰ ਦੱਸੇ ਬਿਨਾਂ, ਮਨ ਵਿਚ ਬੁਰਾ ਭਾਵ ਯਾ ਕੋਈ ਉਲਾਂਭਾ ਦਿਤੇ ਬਿਨਾਂ - ਖੁਸ਼ੀ ਨਾਲ ਉਸ ਕੰਮ ਨੂੰ ਕਰੋ। ਇਸ ਗੱਲ ਨੂੰ ਚੇਤੇ ਰਖੋ ਕਿ ਤੁਹਾਡੇ ਇਸ ਤਕਲੀਫ਼ ਸਹਿਣ ਦਾ ਅਤੇ ਮਿਹਨਤ ਦਾ ਫਲ ਤੁਹਾਡੇ ਤੇ ਤੁਹਾਡੇ ਪਤੀ ਲਈ, ਤੁਹਾਡੇ ਅਗਲੇ ਜੀਵਨ ਲਈ ਬਹੁਤ ਮਿੱਠਾ ਹੋਵੇਗਾ। ਇਤਨੀ ਸੇਵਾ ਤੇ ਕਸ਼ਟ ਸਹਾਰਨ ਨਾਲ ਦੋ ਚਾਰ ਦਿਨ ਲਈ ਜੇ ਤੁਸੀਂ ਕਿਧਰੇ ਚਲੀਆਂ ਜਾਵੋਗੀਆਂ ਤਾਂ ਸਹੁਰੇ ਘਰ ਦੇ ਸਾਰੇ ਜਣੇ ਤੁਹਾਡੀ ਅਣਹੋਂਦ ਨੂੰ ਮਹਿਸੂਸ ਕਰਨਗੇ।
ਇੰਨਾ ਕੁਝ ਕਰ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਆਪਣੀ ਸੇਵਾ, ਆਪਣੀ ਵਿਦਿਆ ਤੇ ਮਿਹਨਤ ਉਪਰ ਕਦੇ ਹੰਕਾਰ ਨਾ ਕਰੋ। ਕੋਈ ਗੱਲ ਆਖਣ ਯਾ ਕੋਈ ਕੰਮ ਕਰਨ ਵੇਲੇ ਨਿਮ੍ਰਤਾ ਦੀ ਮੂਰਤ ਬਣੀਆਂ ਰਹੋ। ਉਸ ਨਿਮ੍ਰਤਾ ਵਿਚ ਬਨਾਵਟ ਨਾ ਹੋਵੇ, ਸਗੋਂ ਸਚਾਈ ਹੋਵੇ।
ਬਹੁਤ ਸਾਰੀਆਂ ਕੁੜੀਆਂ ਨਵੇਂ ਤੇ ਓਪਰੇ (ਸਹੁਰੇ) ਘਰ ਵਿਚ ਆਪਣੇ ਆਪ ਨੂੰ ਇਕੱਲਾ ਵੇਖ ਕੇ ਘਾਬਰ ਜਾਂਦੀਆਂ ਹਨ| ਇਹ ਸੁਭਾਵਿਕ ਗੱਲ ਹੈ। ਪਰ ਇਹ ਖ਼ਿਆਲ ਕਰ ਕੇ ਮੈਂ ਇਥੇ ਇਨਾਂ ਲੋਕਾਂ ਵਿਚ ਹੀ ਰਹਿਣਾ ਹੈ ਅਤੇ ਇਨ੍ਹਾਂ ਦੇ ਸੁਖ ਦੁਖ ਉਤੇ ਹੀ ਮੇਰਾ ਵੀ ਸੁਖ ਦੁਖ ਬਣਿਆ ਹੋਇਆ ਹੈ, ਆਪਣੀ ਨਿਰਾਸਾ ਤੇ ਉਦਾਸੀ ਦੂਰ ਕਰ ਦੇਣੀ ਚਾਹੀਦੀ ਹੈ ਤੇ ਆਪਣੇ ਕੰਮਾਂ ਵਿਚ ਲਗ ਜਾਣਾ ਚਾਹੀਦਾ ਹੈ।

-੬੭-