ਪੰਨਾ:ਸਹੁਰਾ ਘਰ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰਜ਼ ਨੂੰ ਪੂਰਾ ਹੋ ਗਿਆ ਸਮਝਦੀ ਹੈ। ਪਰ ਏਧਰ ਹਿੰਦੁਸਤਾਨੀ ਇਸਤ੍ਰੀਆਂ (ਜੋ ਪੱਛਮ ਦੇ ਪ੍ਰਵਾਹ ਵਿਚ ਨਹੀਂ ਰੁੜ੍ਹੀਆਂ) ਆਪਣੇ ਬੀਮਾਰ ਪਤੀ ਨੂੰ ਇਕ ਪਲ ਭੀ ਅੱਖਾਂ ਤੋਂ ਉਹਲੇ ਨਹੀਂ ਕਰਦੀਆਂ। ਹਜ਼ਾਰ ਨੌਕਰ ਹੋਣ ਤੇ ਭੀ ਸਾਰਾ ਕੰਮ ਆਪਣੇ ਹਥੀਂ ਕਰਦੀਆਂ ਹਨ। ਪਤੀ ਦੀ ਵਧੀ ਹੋਈ ਬੀਮਾਰੀ ਨੂੰ ਵੇਖਕੇ ਉਹ ਇਹੋ ਚਾਹੁੰਦੀਆਂ ਹਨ ਕਿ ਇਹ ਬੀਮਾਰੀ ਮੈਨੂੰ ਚੰਬੜ ਜਾਵੇ ਤੇ ਮੇਰਾ ਪਤੀ ਰਾਜ਼ੀ ਹੋ ਜਾਵੇ। ਸੋ ਇਨਾਂ ਦੋਹਾਂ ਤਰ੍ਹਾਂ ਦੇ ਖਿਆਲਾਂ ਵਿਚ ਕਿੰਨਾ ਫ਼ਰਕ ਹੈ! ਅਜੇਹਾ ਘਰੋਗੀ ਜੀਵਨ ਕਿਉਂ ਨਾ ਸੁਖ ਨੂੰ ਵਧਾਵੇ।
ਹੱਕ ਇਕ ਜੜ੍ਹ ਚੀਜ਼ ਹੈ, ਹੱਕ ਰਾਹੀਂ ਧਨ ਮਿਲ ਸਕਦਾ ਹੈ, ਹਕ ਰਾਹੀਂ ਜੱਸ ਮਿਲ ਸਕਦਾ ਹੈ, ਹੱਕ ਰਾਹੀਂ ਚੰਗਾ ਮਕਾਨ ਤੇ ਹੋਰ ਚੰਗੀਆਂ ਚੀਜ਼ਾਂ ਮਿਲ ਸਕਦੀਆਂ ਹਨ ਪਰ ਹਕ ਆਖ ਕੇ ਦਿਲ ਨੂੰ ਵੱਸ ਨਹੀਂ ਕਰ ਸਕੀਦਾ | ਮਨੁੱਖ ਦਾ ਦਿਲ ਜੜ੍ਹ ਚੀਜ਼ਾਂ ਨਾਲ ਤਿ੍ਪਤ ਨਹੀਂ ਸਕਦਾ। ਸੁਖ ਦੇ ਦਿਲ ਵਿਚ ਪ੍ਰੇਮ ਤੇ ਸ਼ਾਂਤੀ ਚਾਹੀਦੀ ਹੈ। ਪ੍ਰੇਮ ਤੇ ਸ਼ਾਂਤੀ ਹੋਣ ਪੁਰ ਜੜ੍ਹ ਚੀਜ਼ਾਂ ਰਾਹੀਂ ਸੁਖ ਵਧ ਸਕਦਾ ਹੈ, ਪਰ ਕੇਵਲ ਇਨਾਂ ਚੀਜ਼ਾਂ ਨੂੰ ਲੈ ਕੇ ਸੁਖ ਨੂੰ ਢੂੰਡਣਾ ਮੂਰਖਤਾ ਹੈ। ਸੁਖ ਦਿਲ ਦੀ ਸ਼ਾਂਤੀ ਤੇ ਸੰਤੋਖੀ ਅਵਸਥਾ ਦਾ ਨਾਮ ਹੈ। ਉਹ ਧਨ, ਦੱਸ ਜਾਂ ਕਾਨੂੰਨ ਨਾਲ ਨਹੀਂ ਪ੍ਰਾਪਤ ਹੁੰਦਾ ਸਗੋਂ ਇਨ੍ਹਾਂ ਨਾਲ ਨਸ਼ਟ ਹੋ ਜਾਂਦਾ ਹੈ। ਸੋ ਜਿਹੜੀਆਂ ਆਪਣਾ ਵਿਆਹਿਤ ਜੀਵਨ ਸੁਖ ਨਾਲ ਬਿਤਾਉਣਾ ਚਾਹੁੰਦੀਆਂ ਹਨ ਉਹ ਉਕਤ ਗਲਾਂ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਣ। ਜੇਕਰ ਉਹ ਰੋਟੀ ਪਾਣੀ ਤੇ ਸੰਸਾਰ ਦੀਆਂ ਹੋਰ ਸਹੂਲਤਾਂ ਚਾਹੁੰਦੀਆਂ ਹਨ ਅਤੇ ਇਸੇ ਵਿਚ ਸੁਖ ਸਮਝਦੀਆਂ ਹਨ ਤਦ ਤਾਂ ਉਹ ਇਨ੍ਹਾਂ ਹੱਕਾਂ ਦੇ ਝਗੜੇ ਵਿਚ ਖੁਸ਼ੀ ਨਾਲ ਪੈਣ, ਪਰ ਜੇ ਉਹ ਦਿਲ ਦੀ ਸੁਖ ਸ਼ਾਂਤੀ ਤੇ ਪ੍ਰੇਮ ਚਾਹੁੰਦੀਆਂ ਹਨ ਤਾਂ ਇਸ ਮਿ੍ਗ-ਤ੍ਰਿਸ਼ਨਾਂ ਦੇ ਚੱਕਰ ਵਿਚ ਨਾ ਪੈਣ | ਇਨ੍ਹਾਂ ਹੱਕਾਂ ਨਾਲ ਉਨਾਂ ਦੀ ਪਿਆਸ ਨਹੀਂ ਬੁਝੇਗੀ।

-੭੭-