ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਪੂਤਨਾ ਜ਼ਹਿਰ ਥਣਾਂ ਨੂੰ ਲਾ ਕੇ,
ਬਾਲ ਆਰਥਿਕਤਾ ਨੂੰ ਦੁਧ ਚੁੰਘਾਵੇ।
ਨਗਨ ਸਭਿਅਤਾ ਕਰਦੇ ਫੇਰ ਦੁਸ਼ਾਸਨ,
ਕਾਨ੍ਹ ਬੰਸਰੀ ਵਾਲਾ ਲਾਜ ਬਚਾਵੇ।

ਅਰਮਾਨਾਂ ਦੀ ਸੁੱਚੀ ਸੇਜਾ ਉੱਤੇ,
ਸੁੱਤੀ ਘੂਕ ਪ੍ਰੀਤ ਨੂੰ ਕੋਈ ਜਗਾਵੇ।

ਠੰਢੇ ਸੀਤ ਰਿਸ਼ਤਿਆਂ ਵਿਚ ਨਿੱਘ ਘੋਲੇ,
ਚਿੱਟੇ ਲਹੂ ਸਫੈਦ ’ਚ ਲਾਲੀ ਪਾਵੇ।

ਦੂਰ ਕਰੇ ਜੋ ਦੰਪਤੀਆਂ ਦੇ ਝੇੜੇ,
ਨੀਰਸ ਪ੍ਰੇਮ ਸਬੰਧਾਂ ਵਿਚ ਰਸ ਪਾਵੇ।

ਲੱਭੋ ਨੀ ਤੁਸੀਂ ਕੋਈ ਬੰਗਾਲਾ ਲੱਭੋ,
ਐਸੀ ਨੀ ਕੋਈ ਜਾਦੂ ਛੜੀ ਘੁਮਾਵੇ।

ਭੁੱਲੇ ਭਟਕੇ ਪੈਣ ਕੁਰਾਹੀ ਰਸਤੇ,
ਭੁੱਲ ਗਿਆਂ ਨੂੰ ਪ੍ਰੀਤਾਂ ਯਾਦ ਕਰਾਵੇ।

ਕੋਈ ਰੂਹਾਨੀ ਰੰਗ ਲਲਾਰੀ ਲੱਭੋ।
ਇਸ਼ਕ ਹਕੀਕੀ ਰੂਹ ਨੂੰ ਰੰਗਣ ਲਾਵੇ।

ਕਾਮ ਕ੍ਰੋਧ ਨੂੰ ਗਾਲੇ ਪਾ ਕੁਠਾਲੀ,
ਲੋਭ ਮੋਹ ਵੱਸ ਕਰੇ ਹੰਕਾਰ ਨਸਾਵੇ।

ਗੁਰੂ ਗ੍ਰੰਥ ਜੀ ਲੱਭੋ ਪੂਰਾ ਭਾਂਡਾ,
ਲੱਖ ਚੁਰਾਸੀ ਜੂਨੀ ਗੇੜ ਮੁਕਾਵੇ।

ਲੰਗਰ ਗੁਰੂ ਕਾ ਲੱਭੋ ਪੂਰ ਭੰਡਾਰਾ,
ਫੇਰ ਨਾ ਖਾਹਿਸ਼ ਖੁਧਿਆ ਪਿਆਸ ਸਤਾਵੇ।

ਉਹ ਵਿਰਲਾਪ ਕਰਦੀ ਆਪਣੇ ਗਮ ਵਿਚ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ। ਮੇਨਿਕਾ ਆਪਣੀ ਪੁੱਤਰੀ ਦੇ ਦੁਖ ਨੂੰ ਨਾ ਸਹਾਰਦੀ ਹੋਈ ਆਪਣੇ ਦੂਤ ਸਾਰਤੀ ਨੂੰ ਭੇਜਦੀ ਹੈ। ਜੋ ਆਪਣੀ ਸ਼ਕਤੀ ਦੁਆਰਾ ਉਸਨੂੰ ਕਸ਼ਯਪ ਰਿਸ਼ੀ ਦੇ ਆਸ਼ਰਮ ਤਪੋਵਨ ਵਿਖੇ ਪਹੁੰਚਾ ਦਿੰਦਾ ਹੈ।
. 1. ਦੁਸ਼ਾਸ਼ਨ - ਦੁਰਯੋਧਨ ਦਾ ਇਕ ਦਰਬਾਰੀ ਜਿਸਨੇ ਦਰੋਪਤੀ ਦੇ ਚੀਰ-ਹਰਣ ਕੀਤੇ।

ਸ਼ਕੁੰਤਲਾ