ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਲ ਪਲ ਵਿਚ ਸੌ ਸੌ ਤਰਮੀਮਾਂ।
ਚੌਥੇ ਸ਼ੋਰ ਘੰਟਿਆ ਪਾਇਆ।
ਕੁੱਕੜ ਬਾਂਗਾਂ ਆਣ ਜਗਾਇਆ।
ਉੱਠੇ ਰਾਮ ਨਾਮ ਜਸ ਗਉਂਦੇ।
ਫੜ ਮੁੰਦਰੀ ਨੂੰ ਮਸਤਕ ਲਉਂਦੇ।
ਪਹੁ ਫੁਟਾਲੇ ਕਰਨ ਦੁਆਈਂ।
ਮੁੰਦਰੀ ਦੇਖਣ ਚਾਈਂ-ਚਾਈਂ।
ਸਰਘੀ ਵੇਲਾਂ ਮਸਾਂ ਲੰਘਾਇਆ।
ਰੋਟੀ ਟੁੱਕ ਖਾਇਆ ਨਾ ਖਾਇਆ।
ਬੰਨ੍ਹ ਮੁੰਦਰੀ ਲੜ ਸਾਂਭ ਲੰਗੋਟੀ।
ਤੁਰਿਆ ਕੁੰਭਲਕ ਫੜ ਹੱਥ ਸੋਟੀ।
ਰਸਤਾ ਸ਼ਹਿਰ ਨਗਰ ਦਾ ਫੜਿਆ।
ਆਕੇ ਵਿਚ ਬਜ਼ਾਰੀਂ ਵੜਿਆ।
ਲੋਕਾਂ ਕੋਲੋਂ ਅੱਖ ਬਚਾਉਂਦਾ।
ਘੜੀ ਮੁੜੀ ਮੁੰਦਰੀ ਨੂੰ ਟੋਂਹਦਾ।
ਕੁੱਝ ਥੱਕਿਆ ਕੁਝ ਜਕਿਆ ਜਕਿਆ।
ਹੱਟ ਸਰਾਫਾਂ ਦੀ ਜਾ ਰੁਕਿਆ।
ਕੰਬਦੇ ਹੱਥੋਂ ਖੋਹਲ ਲੰਗੋਟੀ।
ਕੱਢੀ ਸ਼ਾਹੀ ਬਾਹਰ ਅੰਗੂਠੀ।
ਕੱਢ ਸਰਾਫ ਦੇ ਹੱਥ ਫੜਾਈ।
ਕੰਬਿਆ ਸ਼ਾਹ! ਕੀ ਆਫਤ ਆਈ!!
ਉਸ ਉਪਰ ਸੀ ਸਾਫ ਉਕਰਿਆ।
ਨਾਂ ਰਾਜੇ ਦਾ ਉਸਨੇ ਪੜ੍ਹਿਆ।
ਬੋਲਿਆ ਉਸ ਵੱਲ ਤੌਰ ਭੁਆ ਕੇ।
ਕੀ ਅਣ ਹੋਈਆਂ ਕਰਦਾਂ ਆ ਕੇ।
ਉਪਰੋਂ ਰੂਪ ਦਿਸੇਂ ਮਛਿਆਰੇ।
ਸ਼ਾਹੀ ਖਜ਼ਾਨੇ ਡਾਕੇ ਮਾਰੇਂ?
ਇਹ ਰਾਜੇ ਦੀ ਮੁੰਦਰੀ ਭਾਈ।
ਦੱਸ ਤੂੰ ਕਿਥੋਂ ਕਿਵੇਂ ਚੁਰਾਈ?
ਵਾਹ ਕਿਸਮਤ ਕੀ ਖੇਲ੍ਹ ਰਚਇਆ।
ਸੁਣ ਕੇ ਗੱਲ ਕੁੰਭਲਕ ਘਬਰਾਇਆ।
ਲੈਣੇ ਦੀਆਂ ਦੇਣੀਆਂ ਪੈ ਗਈਆਂ।

ਸ਼ਕੁੰਤਲਾ॥109॥