ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

11. ਕਸ਼ਯਪ ਰਿਖੀ ਦੇ ਆਸ਼ਰਮ ਵਿਚ

ਕੱਸ਼ਯਪ ਰਿਖੀ ਦੇ ਆਸ਼ਰਮ ਜਾਣ ਵੇਲੇ ਤਕ ਸ਼ਕੁੰਤਲਾ 7 ਮਹੀਨੇ ਦੀ ਗਰਭਵਤੀ ਹੁੰਦੀ ਹੈ। ਦੋ ਮਹੀਨੇ ਬਾਅਦ ਉਹ ਇਕ ਪੁੱਤਰ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਮ ਕਾਲੀ ਦਾਸ ਵਿਚ ਦੁਸ਼ਟ ਦਮਨ ਦੱਸਿਆ ਗਿਆ ਹੈ। ਦੂਸਰੇ ਕਥਨਾਂ ਅਨੁਸਾਰ ਇਸ ਦਾ ਨਾਮ ਭਾਰਤ ਸੀ। ਜਿਸ ਦੇ ਨਾਮ ਤੇ ਹੀ ਇਸ ਦੇਸ਼ ਦਾ ਨਾਮ ਭਾਰਤ ਪਿਆ ਹੈ।
ਇਹ ਦੋ ਮਹੀਨੇ ਸ਼ਕੁੰਤਲਾ ਲਈ ਬਹੁਤ ਦੁੱਖ ਭਰੇ ਸਨ ਉਹ ਹਮੇਸ਼ਾ ਆਪਣੀ ਕਿਸਮਤ ਨੂੰ ਕੋਸਦੀ। ਕੱਲ੍ਹ ਤੱਕ ਜੋ ਰਾਣੀ ਬਣਨ ਦੇ ਸੁਪਨੇ ਲੈਂਦੀ ਸੀ ਅੱਜ ਦਰ-ਦਰ ਠੋਕਰਾਂ ਖਾ ਰਹੀ ਹੈ। ਦੁਸ਼ਿਅੰਤ ਦੇ ਵਿਛੋੜੇ ਦਾ ਦੁੱਖ ਉਸ ਨੂੰ ਨੀਮ ਪਾਗਲ ਬਣਾ ਦਿੰਦਾ ਹੈ। ਉਹ ਹਰ ਘੜੀ ਵਿਲ੍ਹਕਦੀ ਰਹਿੰਦੀ ਹੈ।
ਸ਼ਕੁੰਤਲਾ ਆਪਣੀ ਹਾਲਤ ਵੱਲ ਵੇਖ ਕੇ, ਅਤਿ ਹੀ ਵੈਰਾਗ-ਮਈ ਹਾਲਤ ਵਿਚ, ਮਨ ਹੀ ਮਨ ਦੁਸ਼ਿਅੰਤ ਨੂੰ ਕਹਿ ਰਹੀ ਹੈ।

ਸ਼ਕੁੰਤਲਾ


ਦੇਖ ਮੇਰਿਆਂ ਪੈਰਾਂ ਦੇ ਨਹੁੰ,
ਨੀਲੇ ਪੀਲੇ ਕਾਲੇ ਹੋ ਗਏ,
ਉਂਗਲੀਆਂ ਤੇ ਸੋਜ਼,
ਪੈਰਾਂ ਦੀਆਂ ਤਲੀਆਂ ਬਲ-ਬਲ ਜਾਣ ਮੇਰੀਆਂ।

ਸ਼ਕੁੰਤਲਾ॥117॥