ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਆਈ ਦੌਲਤ ਮੈਂ ਮੌੜੀ।
ਕੀ ਮੈਂ ਜੱਗ ਤੋ ਖੱਟੀ ਖੋੜੀ।
ਫਿਰਦਾ ਦਰ ਦਰ ਧੱਕੇ ਖਾਂਦਾ,
ਹੁਣ ਹਾਂ ਔਤ ਜੱਗ ਤੋ ਜਾਂਦਾ।
ਜੇ ਅਪਨਾ ਲੈਂਦਾ ਮੈਂ ਉਸਨੂੰ,
ਭਰੀ ਹੁੰਦੀ ਝੋਲੀ ਅੱਜ ਵਾਂਗੂੰ।
ਖੜਾ ਖੜਾ ਸੋਚਾਂ ਵਿਚ ਪੈ ਗਿਆ,
ਮਾਨੋ ਗਮ ਦੇ ਸਾਗਰ ਲਹਿ ਗਿਆ।

ਫੇਰ ਚੁਗਿਰਦੇ ਨੂੰ ਪਹਿਚਾਨ,
ਬੋਲਿਆ ਰਾਜਾ ਬਦਲ ਧਿਆਨ।
ਹਾਂ ਦੱਸੋ ਇਹ ਕੌਣ ਨਾਦਾਨ,
ਕਿਸ ਦੀ ਇਹ ਸੁੰਦਰ ਸੰਤਾਨ।
ਕਿਹੜੀ ਕੁੱਖ ਦਾ ਹੈ ਇਹ ਲਾਲ,
ਕੋਣ ਪਿਤਾ ਜਿਸਦਾ ਇਹ ਬਾਲ।

ਤਪੱਸਨੀ

ਰਾਜ ਰਿਸ਼ੀ ਦੁਸ਼ਿਅੰਤ ਦਾ ਜਾਇਆ,
ਦੁਸ਼ਟ ਦਮਨ ਇਸ ਨਾਮ ਰਖਾਇਆ।
ਸਖੀ ਸ਼ਕੁੰਤਲਾ ਇਸਦੀ ਮਾਈ,
ਜੋ ਕੰਤ ਨੇ ਮਨੋ ਭੁਲਾਈ।
ਵਿਸ਼ਵਾ-ਮਿੱਤ੍ਰ-ਮੇਨਿਕਾ ਜਾਈ,
ਪੁਰਵੰਸ਼ੀ ਦਰ ਤੋ ਠੁਕਰਾਈ।
ਮੇਨਿਕਾ ਭੇਜਿਆ ਸਾਰਮਤੀ ਨੂੰ,
ਜੇ ਏਥੇ ਛੱਡ ਗਿਆ ਦੁਖੀ ਨੂੰ।
ਗਰਭ ਪੀੜ ਤੇ ਪੀੜ ਜੁਦਾਈ,
ਸਾਡੀ ਸਖੀ ਨਾਲ ਲੈ ਆਈ।
ਪੀੜਾਂ ਇਕ ਦਿਨ ਕਰੀ ਅਧੀਰ,
ਜੰਮਿਆ ਇਹ ਪੁਰਵੰਸ਼ੀ ਬੀਰ।
ਰਿਖੀਆਂ ਤੇਜ ਬਾਲ ਦਾ ਤੱਕਿਆ,
ਦੁਸ਼ਟ ਦਮਨ ਤਾਹੀਉਂ ਨਾਂ ਰੱਖਿਆ।
ਨਾਲੇ ਵਰ ਦਿੱਤੇ ਆਪਾਰ,
ਚੱਕਰਵਰਤੀ ਹੋਉ ਕੁਮਾਰ।

ਸ਼ਕੁੰਤਲਾ॥135॥