ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਪਰ) ਮੈਨੂੰ ਕੁਝ ਨਾ ਆਇਆ ਯਾਦ,
ਇਸ ਲਈ ਮੈਂ ਹਾਂ ਨਿਰ ਅਪਰਾਧ।
ਮੁੰਦਰੀ ਦਿੱਤੀ ਦੇਖ ਨਿਸ਼ਾਨੀ,
ਆਈ ਮੈਨੂੰ ਯਾਦ ਕਹਾਣੀ।
ਮੁੰਦਰੀ ਵਾਲੀ ਕੁੱਲ ਕਹਾਣੀ,
ਦੱਸੀ ਰਾਜੇ ਆਪ ਜੁਬਾਨੀ।
ਇਹ ਸੀ ਗੇੜ ਕੋਈ ਕਿਸਮਤ ਦਾ,
ਇਹ ਤਾਂ ਸੀ ਕੋਈ ਖੇਲ ਖੁਦਾ ਦਾ।

ਜਾਓ ਸ਼ਕੁੰਤਲਾ ਨੂੰ ਲੈ ਆਓ,
ਉਸ ਤੋਂ ਮੈਨੂੰ ਮਾਫ ਕਰਾਓ।
ਮੈਨੂੰ ਕਰੜੇ ਡੰਨ ਲਗਾਓ,
ਮੇਰੇ ਮੂੰਹ ਤੇ ਥੁੱਕਾਂ ਪਾਓ।
ਮੈਨੂੰ ਥੂਹ-ਥੂਹ ਕਰ ਫਿਟਕਾਰੋ,
ਮੈਨੂੰ ਇੱਟਾਂ ਪੱਥਰ ਮਾਰੋ।
ਮਾਰੋ ਮਾਰੋ ਮੈਨੂੰ ਮਾਰੋ,
ਮੈਨੂੰ ਦੁਰ ਦੁਰ ਕਰ ਦੁਰਕਾਰੋ।
ਗਲ ਵਿਚ ਪੱਲੂ ਮੂੰਹ ਵਿਚ ਘਾਹ,
ਮੈਂ ਮਾਫੀ ਮੰਗਦਾ ਹਾਂ ਪਾ।
ਸੁਣਦੇ ਹੀ ਦੁਸ਼ਿਅੰਤ ਦਾ ਨਾਮ,
ਉਹ ਤਪੱਸਨੀ ਹੋਈ ਹੈਰਾਨ।

ਹੋਰ ਗੱਲਾਂ ਤੋਂ ਬੇ-ਧਿਆਨੀ,
ਉੱਠ ਨੱਸੀ ਝੱਟ ਉਹ ਸੁਆਣੀ।
ਹੋ ਉੱਠੀ ਝੱਟ ਉਹ-ਬੇਸਬਰੀ,
"ਨੀ ਸੁਮਿੱਤਰਾ ਸੁਣ ਖੁਸ਼ਖਬਰੀ"।
ਇਕ ਸਖੀ ਨੂੰ ਕਹੇ ਬੁਲਾ ਕੇ,
ਸੁਣੀ ਗੱਲ ਮੇਰੀ ਝੱਟ ਆ ਕੇ।

ਘਰ ਸਾਡੇ ਆਇਆ ਮਹਿਮਾਨ,
ਜਿਸਦੀ ਅਜਬ ਅਲਿਹਦੀ ਸ਼ਾਨ।

1. ਕਵਲਾ- ਪਾਰਬਤੀ ਦੇ ਅਨੇਕਾਂ ਨਾਵਾਂ ਵਿੱਚੋਂ ਇਕ ਨਾਮ।

ਸ਼ਕੁੰਤਲਾ॥137॥