ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੱਤੜੀ ਨੂੰ ਕੋਣ ਬੁਲਾਵੇ,
ਕੌਣ ਅਸਾਂ ਨੂੰ ਮਿਲਣਾ ਚਾਹਵੇ।

ਕਿੱਥੇ ਪੁਰਵੰਸ਼ੀ ਦੁਸ਼ਿਅੰਤ,
ਕਿੱਥੇ ਮੈਂ ਤੱਤੜੀ ਬਿਨ ਤੰਤ।
ਕਿੱਥੇ ਰਾਜਾ ਭੋਜ ਚੰਬੇਲੀ,
ਕਿੱਥੇ ਮੈਂ ਜਿਹੀ ਗੰਗਾ ਤੇਲੀ।
ਕਿੱਥੇ ਰਾਮ ਨਾਮ ਧੁਨ ਬਾਣੀ,
ਕਿੱਥੇ ਟੈਂ-ਟੈਂ ਕੂੜ ਕਹਾਣੀ।
ਕਿੱਥੇ ਸੋਲਾਂ ਕਲਾ ਸੰਪੂਰਨ,
ਕਿੱਥੇ ਮੈਂ ਜਿਹੀ ਨਾਰ ਅਪੂਰਨ।
ਕਿਥੇ ਸੂਰਜ ਕਿਥੇ ਦੀਵਾ,
ਕੀ ਮੁਕਾਬਲਾ ਮੇਰਾ ਉਸਦਾ।
ਉਹ ਚੱਲ ਆਏ ਮੇਰੇ ਦੁਆਰੇ,
ਕਿਥੇ ਸਾਡੇ ਭਾਗ ਸਿਤਾਰੇ?
ਖੂਹ ਆਵੇ ਚੱਲ ਪਿਆਸੇ ਦੇ ਘਰ,
ਇਹ ਹੋ ਸਕਦਾ ਨਹੀਂ ਸਰਾਸ਼ਰ।

ਸਖੀਆਂ

ਨਾ ਨੀ ਸਖੀਏ ਬੋਲ ਕਬੋਲ,
ਚੱਲ ਦੀਦਾਰ ਦੀ ਭਰ ਲੈ ਝੋਲ।
ਪੀ ਲੈ ਭਰ ਨੈਣਾਂ ਚੋਂ ਪਾਣੀ,
ਤੈਂ ਦਰ ਆਈ ਜੋਤ ਰੁਹਾਨੀ।
ਮੰਨ ਮਨੌਤਾਂ ਪੀਰ ਧਿਆ ਲੈ,
ਚੱਲ ਕੇ ਰੁੱਸਾ ਕੰਤ ਮਨਾ ਲੈ।
ਕਰੀਂ ਜੋਦੜੀ ਪਾ ਪੱਲੂ ਗੱਲ,
ਨੰਗੇ ਪੈਰੀਂ ਖ਼ੁਦ ਤੁਰ ਕੇ ਚੱਲ।

ਘਰ ਆਇਆ ਮਹਿਮਾਨ ਨਾ ਮੋੜੀਂ,
ਖੁਦ ਆਇਆ ਭਗਵਾਨ ਨਾ ਮੋੜੀਂ।
ਕਿਸਮਤ ਦਾ ਵਰਦਾਨ ਨਾ ਮੋੜੀਂ,
ਨਾ ਮੋੜੀਂ ਦਿਲ ਜਾਨ ਨਾ ਮੋੜੀਂ।

ਸ਼ਕੁੰਤਲਾ॥139॥