ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਵਿਚ ਗੁੱਝੀ ਖੁਸ਼ੀ ਦਬਾ ਕੇ,
ਤੁਰੀ ਸ਼ਕੁੰਤਲਾ ਕੁਝ ਸ਼ਰਮਾ ਕੇ।
ਸ਼ਾਲਾ! ਹੋਏ ਨਾ ਕੋਈ ਛਲਾਵਾ,
ਹੋਰ ਨਾ ਭਾਗ ਲਏ ਪਰਤਾਵਾ।
ਫੇਰ ਨਾ ਜ਼ਖ਼ਮ ਹਰੇ ਹੋ ਜਾਵਣ,
ਫੇਰ ਨਾ ਮੇਘ ਮੁਸੀਬਤ ਆਵਣ।
ਰੱਬਾ ਰੱਖੀ ਲਾਜ ਅਸਾਂ ਦੀ,
ਮੈਂ ਦੁਖਿਆਰੀ ਹਾਂ ਕਰਮਾਂ ਦੀ।
ਤੈਂ ਹੱਥ ਡੋਰੀ ਕਰਾਂ ਦੁਆਵਾਂ,
ਜਿੱਤੀ ਬਾਜੀ ਹਾਰ ਨਾ ਜਾਵਾਂ।
ਦਰ ਆਈ ਦੀ ਰੱਖੀਂ ਲਾਜ,
ਵਾਂਗ ਸੁਦਾਮਾ ਧ੍ਰੂ ਪ੍ਰਹਿਲਾਦ।

ਤੂੰ ਬਖ਼ਸ਼ੇ ਤਾਂ ਪਾਪ ਬਿਨਾਸਨ,
ਤੂੰ ਬਖ਼ਸ਼ੇ ਬਹੀਏ ਸੁਖ ਆਸਨ।
ਤੂੰ ਬਖ਼ਸ਼ੇ ਮਿੱਟ ਜਾਣ ਵਿਛੋੜੇ,
ਤੂੰ ਬਖ਼ਸ਼ੇ ਪਾਣੀ ਨਾ ਬੋੜੇ।
ਤੂੰ ਬਖ਼ਸ਼ੇ ਰੁੱਸੇ ਮੰਨ ਜਾਵਣ,
ਤੂੰ ਬਖ਼ਸ਼ੇ ਝੋਰੇ ਮਿਟ ਜਾਵਣ।
ਮੇਰੀ ਗਣਤ ਗਣੀਂ ਨਾ ਕਾਈ,
ਬਾਂਹ ਫੜੀ ਦੀ ਲਾਜ ਨਿਭਾਈ।
ਤੂੰ ਬਖ਼ਸ਼ੇ ਤਾਂ ਕੀ ਵਡਿਆਈ,
ਤੇਰੀ ਉਪਮਾ ਤੁੱਧ ਬਨ ਆਈ।

ਮੰਨ ਮਨੌਤਾਂ ਤੁਰਦੀ ਜਾਵੇ,
ਪਲ ਪਲ ਮਨ ਸੌ ਡੋਲੇ ਖਾਵੇ।
ਰੱਬਾ! ਹੁਣ ਤਾਂ ਮੇਲ ਮਿਲਾਦੇ,
ਸ਼ਾਲਾ! ਵਿੱਛੜੇ ਯਾਰ ਮਿਲਾਦੇ।

ਆਖਰ ਝੁੰਡਾਂ ਦੀ ਵਿੱਥ ਥਾਈਂ,
ਟੇਢੀ ਨਜ਼ਰੇ ਤੱਕਿਆ ਰਾਣੀਂ।
ਦਿਲ ਦੇ ਵਿੱਚੋਂ ਬਿਜਲੀ ਵਹਿ ਗਈ,

ਸ਼ਕੁੰਤਲਾ॥140॥