ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਨਾ ਹੋਰ ਲਵੀਂ ਪਰਤਾਵਾ,
ਹੁਣ ਨਾ ਪੀੜ ਸਹਿਣ ਦਾ ਦਾਵਾ।

ਤੂੰ ਹੈਂ ਮੇਰਾ ਪਰਬਤ ਉਹਲਾ,
ਤੂੰ ਹੀ ਮੇਰਾ ਮਿੱਤਰ ਵਿਚੋਲਾ।
ਤੂੰ ਗੰਗਾ ਮੈਂ ਨਦੀ ਨਖਾਸੀ,
ਤੂੰ ਚੰਦਨ ਮੈਂ ਰਿੰਡ ਉਦਾਸੀ।
ਤੂੰ ਪਹਾੜ ਮੈਂ ਪੱਥਰ ਰੋੜੀ,
ਤੂੰ ਗੁਲਾਬ ਮੈਂ ਥੋਰ ਮਥ੍ਹੋਰੀ।
ਤੂੰ ਗਉਰਾ ਮੈਂ ਹੋਛੀ ਊਰੀ,
ਕੋਹੇ-ਨੂਰ ਤੂੰ, ਮੈਂ ਬੇ-ਨੂਰੀ।
ਅਰਮਾਨਾਂ ਦੀ ਵਰਤ ਜ਼ੁਬਾਨ,
ਕਹਿ ਗਈ ਦਰਦ ਭਰੀ ਦਾਸਤਾਨ।

ਦੁਸ਼ਿਅੰਤ

ਆ ਦਿਲਬਰ ਸੀਨੇ ਲੱਗ ਆ ਕੇ,
ਦਿਲ ਦੀ ਬਿਰਥਾਂ ਕਹਾ ਸੁਣਾ ਕੇ।

ਮੈਂ ਪਾਪੀ ਨਾ ਬਖਸ਼ਣ ਵਾਰਾ,
ਮੈਂ ਵਿਭਚਾਰੀ ਮੈਂ ਹਤਿਆਰਾ।

ਅੱਕ੍ਰਿਤਘਣ ਕੋਈ ਲੂਣ ਹਰਾਮੀ,
ਲੋਭੀ ਹੀਣ ਨੀਚ ਖਲ ਕਾਮੀ।

ਮੈਂ ਅਪਰਾਧੀ ਡਾਹਢਾ ਭਾਰਾ,
ਮੈਂ ਮਾਨਵਤਾ ਹੀਣ ਨਿਕਾਰਾ।

ਅਵ-ਗੁਣਿਆਰੇ ਨੂੰ ਅਪਨਾ ਲੈ,
ਆ ਦਿਲਬਰ ਸੀਨੇ ਸੰਗ ਲਾ ਲੈ।

ਪ੍ਰੇਮ ਦੁਪਾਸੀ ਖਿੱਚ ਵਧਾਈ,
ਮਿਲੇ ਗਲੀਂ ਮਿਟ ਗਈ ਜੁਦਾਈ।

ਸ਼ਕੁੰਤਲਾ॥142॥