ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਸ਼ਲਾਘਾ———ਯੋਗ ਕਾਰਜ

(ਪ੍ਰੋ ਜਸਪਾਲ ਘਈ)

ਇੱਕ ਭੁੱਲੀ ਵਿਸਰੀ ਅਤੇ ਪੂਰਵ-ਵੈਦਿਕ ਕਾਲ ਦੀ ਕਿਸੇ ਰਚਨਾ ਨੂੰ ਪੁੱਨਰ ਜੀਵੰਤ ਕਰਨਾ ਆਪਣੇ ਆਪ ਵਿੱਚ ਹੀ ਇੱਕ ਵਿਲੱਖਣ ਅਤੇ ਸ਼ਲਾਘਾਯੋਗ ਕਾਰਜ ਹੈ। 'ਕਾਲੇਕੇ' ਦੀ ਵਿਸ਼ੇਸ਼ਤਾ ਇਸ ਵਿੱਚ ਹੈ ਕਿ ਉਸਨੇ ਧੁਰ-ਵੈਦਿਕ ਯੁਗ ਦੀ ਇਸ ਕਹਾਣੀ ਨੂੰ ਨਵੇਂ ਅਰਥਾਂ ਵਿੱਚ ਪੰਜਾਬੀ ਦੀ ਇਕ ਮੌਲਿਕ ਕਿਰਤ/ਰਚਨਾ ਵਿੱਚ ਸਫਲਤਾ ਪੂਰਬਕ ਤਬਦੀਲ ਕਰ ਦਿੱਤਾ ਹੈ। ਮੌਲਿਕਤਾ ਏਨੀ ਆ ਗਈ ਹੈ ਕਿ 'ਕਾਲੀਦਾਸ' ਦੀ 'ਸ਼ਕੁੰਤਲਾ ਇਥੇ 'ਵਾਰਿਸ ਦੀ ਹੀਰ' ਦੇ ਰੂਪ ਵਿੱਚ ਉੱਘੜ ਕੇ ਸਾਹਮਣੇ ਆ ਗਈ ਹੈ। ਕੀ ਆਖਦੀਆਂ ਹਨ ਇਹ ਸਤਰਾਂ———

 

ਬੁੱਲੀਆਂ ਵਿੱਚ ਬਿਮਟਿਆ ਹਾਸਾ।
ਖੜਗੀ ਹੀਰ ਵੱਟ ਕੇ ਪਾਸਾ।

ਅਤੇ
ਭੱਠ ਖੇੜਿਆਂ ਦਾ ਰਹਿਣਾ, ਚੱਲ ਹੁਣ,
ਵੱਸੀਏ ਤਖਤ ਹਜਾਰੇ ਨੀ।

ਕਾਲੀਦਾਸ ਦੇ ਪੰਜ ਸਰਗਾਂ ਵਾਲੀ ਇਸ ਕਹਾਣੀ ਵਿਚੋਂ ਇਕ ਸਰਗ ਕੱਟ ਕੇ ਇਸ ਵਿੱਚ ਨਿਰੋਲ ਆਪਣੀ ਕਲਪਨਾ ਦੁਆਰਾ ਨੌਂ ਸਰਗ ਹੋਰ ਜੋੜ ਦੇਣੇ, ਆਪਣੇ ਆਪ ਵਿਚ ਕਿਸੇ ਕ੍ਰਿਸ਼ਮੇਂ ਤੋਂ ਘੱਟ ਨਹੀਂ ਹਨ। ਇੱਕ 'ਨਾਟਕ' ਨੂੰ ਇਕ 'ਮਹਾਂਕਵਿ' ਵਿੱਚ ਤਬਦੀਲ ਕਰਨਾ ਕਾਲਕੇ ਦੀ ਦੂਜੀ ਵੱਡੀ ਪ੍ਰਾਪਤੀ ਹੈ ਇਕ ਪੌਰਾਣਿਕ-ਕੰਨਿਆਂ ਨੂੰ ਪੰਜਾਬ ਦੀ 'ਹੀਰ' ਵਿੱਚ ਬਦਲ ਦੇਣਾ ਵੀ ਕਿਸੇ ਕ੍ਰਿਸ਼ਮੇਂ ਤੋਂ ਘੱਟ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਇਸ ਸਾਰੇ ਕੁੱਝ ਦਾ ਪਤਾ ਸਾਨੂੰ 'ਕਾਲੇਕੇ' ਦੇ ਸਵੈ-ਕਥਨ 'ਚਿੰਤਨ' ਵਿੱਚੋ ਹੀ ਲੱਗਦਾ ਹੈ। ਉਂਝ ਕਹਾਣੀ ਨੂੰ ਪੜ੍ਹਦਿਆਂ ਕਿਤੇ ਵੀ ਅਜਿਹਾ ਮਹਿਸੂਸ ਨਹੀਂ ਹੁੰਦਾ ਕਿ ਇਸ ਵਿੱਚ ਕੋਈ ਕੱਟ ਵੱਢ ਕੀਤੀ, ਜਾਂ ਕੋਈ ਨਵਾਂ ਜੋੜ ਲਾਇਆ ਗਿਆ ਹੈ। ਕਵਿਤਾ ਵਿਚ ਸੁੰਦਰਤਾ, ਸੁਹਜ, ਸਹਜ, ਕੋਮਲਤਾ, ਰੌਚਿਕਤਾ, ਰੁਮਾਂਸ ਅਤੇ ਰਵਾਨੀ ਲਗਾਤਾਰ ਬਣੀ ਰਹਿੰਦੀ ਹੈ। ਇਤਿਹਾਸਕ, ਮਿਥਿਆਸਕ ਅਤੇ ਵਰਤਮਾਨ ਦੇ ਬੇਸ਼ੁਮਾਰ ਹਵਾਲਿਆਂ ਨਾਲ ਭਰਪੂਰ ਇਸ ਰਚਨਾ ਦਾ ਸੁਆਗਤ ਕਰਨਾ ਬਣਦਾ ਹੈ। ਨਿਰਸੰਦੇਹ, ਕਾਲੇਕੇ ਨੇ ਪੰਜਾਬੀ ਦੀਆਂ ਪ੍ਰਚਲਤ ਪ੍ਰੇਮ ਕਹਾਣੀਆਂ ਵਿੱਚ ਇਕ ਹੋਰ ਮੌਲਿਕ ਅਤੇ ਨਿੱਗਰ ਪ੍ਰੇਮ-ਗਾਥਾ ਦਾ ਵਾਧਾ ਕਰ ਦਿੱਤਾ ਹੈ।</poem>

-ਪ੍ਰੋ. ਜਸਪਾਲ ਘਈ

ਫ਼ਿਰੋਜ਼ਪੁਰ

ਸ਼ਕੁੰਤਲਾ ॥17॥