ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1. ਆਦਿਕਾ

ਇਕ ਵਣ ਦੀ ਸੋਹਣੀ ਨੁੱਕਰੇ,
ਕੁੱਝ ਵੇਲਾਂ ਵਸੀਆਂ ਹੋ।
ਕੁਝ ਚੜ੍ਹੀਆਂ ਬੰਨ੍ਹੇ ਰੁੱਖਾਂ ਦੇ,
ਕੁਝ ਧਰਤੀ ਧੱਸੀਆਂ ਹੋ।
ਕੁਝ ਝੂਮਣ ਵਿਚ ਜਵਾਨੀਆਂ,
ਜਿਉਂ ਅਜਗਰ ਡੱਸੀਆਂ ਹੋ।
ਕੁਝ ਨਾਗ ਵਲਾਵੇ ਪਾ ਪਾ,
ਆਪੋ ਵਿਚ ਫਸੀਆਂ ਹੋ।
ਕੁਝ ਆਪੋ ਵਿਚੀਂ ਲੱਗਦੀਆਂ,
ਕੁਝ ਕਸੀਆਂ ਕਸੀਆਂ ਹੋ।
ਜਿਉਂ ਝੂਠੀ ਮੂਠੀ ਰੁੱਸੀਆਂ,
ਤ੍ਰਿਞਣਾਂ ਵਿਚ ਸਖੀਆਂ ਹੋ।
ਕੁਝ ਕੱਤਣ ਤੰਦਾਂ, ਲੰਬੀਆਂ,
ਜਿਉਂ ਰੇਸ਼ਮ ਰੱਸੀਆਂ ਹੋ।
ਕੁਝ ਨਿਕਲੀਆਂ ਵਿਚ ਉਜਾੜ ਦੇ,
ਹੋ ਕੇ ਬੇ-ਵਸੀਆਂ ਹੋ।
ਜਿਉਂ ਜਾਲੋਂ ਨਿਕਲ ਹਿਰਨੀਆਂ।
ਜੰਗਲਾਂ ਵੱਲ ਨੱਸੀਆਂ ਹੋ।
ਕੁਝ ਕੁ ਜਾਪਣ ਹੱਸਦੀਆਂ,
ਕੁਝ ਖਾਵਣ ਗਸੀਆਂ ਹੋ।
ਜਿਉਂ ਕੁੜਮੱਤਾਂ ਮਸਤੀਆਂ,
ਕਰਦੀਆਂ ਖਰਖੱਸੀਆਂ ਹੋ।

ਸ਼ਕੁੰਤਲਾ॥22॥