ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਅੱਜ ਸਵੇਰੇ ਦੇਖਿਆ,
ਅਸੀਂ ਉੱਠ ਕੇ ਚਮਤਕਾਰ।
ਓਦੋਂ ਤੋਂ ਹੈ ਅਸਾਂ ਦੇ,
ਦਿਲ ਡਾਢੇ ਬੇ-ਇਕਰਾਰ।
ਕੀ ਇਹ ਵੀ ਓਸੇ ਰੱਬ ਦੀ,
ਹੈ ਸੱਚੀ ਸੁੱਚੀ ਕਾਰ?
ਜਿਸਨੂੰ ਲੋਕੀਂ ਆਖਦੇ ਨੇ,
ਜੱਗ ਦਾ ਪਰਵਦਗਾਰ।

ਹੰਸ


ਚੰਗਾ ਸੀ ਜੇ ਨਾ ਪੁੱਛਦੇ,
ਤੁਸੀਂ ਇਹ ਸੁਆਲ ਭਰਾ।
ਇਹ ਤਾਂ ਕੋਈ ਜੱਗ ਤੇ,
ਹੈ ਕੌਤਕ ਨਹੀਂ ਨਵਾਂ।
ਐਹੋ ਜਿਹੀਆਂ ਨਿੱਤ ਹੁੰਦੀਆਂ,
ਕੀ ਇਸ ਵਿਚ ਅਜਬ ਅਦਾ?
ਇਹ ਜਗਤ ਮਾਈ ਦਾ ਵੱਸਦਾ,
ਕੋਈ ਰੋ ਰਿਹਾ ਕੋਈ ਗਾ।
ਕੀ ਲੋਕਾਂ ਦਾ ਦੁੱਖ ਪੁੱਛਦੇ,
ਲਓ ਆਪਣਾ ਵਕਤ ਲੰਘਾ।

ਪੰਛੀ


ਸਾਡੇ ਭਾਅ ਦਾ ਇਹ ਤਾਂ,
ਕੋਈ ਪਰਬਤ ਪਾਟ ਗਿਆ।
ਕੋਈ ਚੱਲੀ ਹਨੇਰੀ ਜ਼ੁਲਮ ਦੀ,
ਜਿਸ ਲੂੰ-ਲੂੰ ਲੂਹ ਦਿੱਤਾ।
ਸਾਨੂੰ ਖਾਣ ਪੀਣ ਨਾ ਸੁੱਝਦਾ,
ਸਾਡਾ ਸਾਹ ਵਿਚ ਰਲੇ ਨਾ ਸਾਹ।
ਤੂੰ ਕਹਿਨਾਂ ਬਾਬਾ ਬੁੱਢਿਆ,
ਨਹੀਂ ਇਸ ਵਿਚ ਲੰਮ ਚੜ੍ਹਾ।

ਸ਼ਕੁੰਤਲਾ॥27॥