ਇਉਂ ਘੋੜਾ ਕਰਕੇ ਇਕ ਪਾਰ।
ਬੈਠ ਗਿਆ ਰੁੱਖਾਂ ਵਿਚਕਾਰ।
ਏਨੇ ਨੂੰ ਰੁੱਖਾਂ ਦੇ ਵਿਚਦੀ।
ਆਉਂਦੀ ਬਿਜਲੀ ਦਿੱਸੀ ਲਿਸ਼ਕਦੀ।
ਤਿੰਨ ਸਖੀਆਂ ਰੁੱਖਾਂ ਨੂੰ ਚੀਰ।
ਮਿਆਨੋਂ ਜਿਉਂ ਨਿਕਲੇ ਸ਼ਮਸ਼ੀਰ।
ਬਗਲਾਂ ਵਿਚ ਗਾਗਰਾਂ ਚਾਈ।
ਆਵੇ ਦਿੰਦਾ ਹੁਸਨ ਦੁਹਾਈ।
ਪ੍ਰੋਮਵਿਦਾ ਦੂਜੀ ਅਨਸੂਆ
ਤੀਜੀ ਨਾਲ ਹੁਸਨ ਦੀ ਮਲਕਾ।
ਗੈਬੀ ਰੂਪ ਓਸਦਾ ਅਰਸ਼ੀ।
ਕੁਦਰਤ ਨੇ ਕੋਈ ਕੂਹਲ ਤਰਾਸ਼ੀ।
ਉਸਦਾ ਰੂਪ ਨਾ ਜਾਏ ਵਰਨਿਆ।
ਜਾਈ ਮੇਨਿਕਾ, ਉਹ ਸ਼ਕੁੰਤਲਾ।
ਤਿੰਨਾਂ ਸਖੀਆਂ ਦੀ ਉਹ ਢਾਣੀ।
ਸੀ ਵੇਲਾਂ ਨੂੰ ਪਾਉਂਦੀ ਪਾਣੀ।
ਚੰਚਲ ਜੋਬਨ ਮੁਗਧ ਹਿਰਨੀਆਂ।
ਕਾਮ ਰੂਪ ਦੀਆਂ ਜਾਦੂਗਰਨੀਆਂ।
ਨਿਰਛਲ ਹਾਸੇ ਅਛੋਹ ਮੁਸਕਾਣ।
ਕਪਟ ਤੇ ਧੋਖੇ ਤੇ ਅਣਜਾਣ।
ਨਿਰਮਲ ਹਿਰਦੇ ਜੀਕਣ ਪੌਣ।
ਬਰਫ ਚੋਟੀਆਂ ਜੀਕਣ ਹੋਣ।
ਹਿੱਕੜੀ ਵਿਚ ਅਛੋਹ ਅਰਮਾਨ।
ਸਾਰ ਇਸ਼ਕ ਦੀ ਤੋਂ ਅਣਜਾਣ।
ਬੇ-ਪ੍ਰਵਾਹ ਮੰਨੇ ਜਿਹੇ ਹਾਸੇ।
ਬੁੱਲੀਆਂ ਉਤੋਂ ਹੋਣ ਨਾ ਪਾਸੇ।
ਆਪਣੀਆਂ ਹਿੱਕੜੀਆਂ ਤਾਣੀ।
ਉਹ ਵੇਲਾਂ ਨੂੰ ਪਾਵਣ ਪਾਣੀ।
ਛੇੜ ਛਾੜ ਇਕ ਦੁਜੀ ਤਾਈ।
ਕਰ ਵੀ ਜਾਵਣ ਕਦੀ ਕਦਾਈ।
1. ਪ੍ਰੋਮਵਿਦਾ- ਸ਼ਕੁੰਤਲਾ ਦੀ ਸਖੀ ਪ੍ਰਿਯਵਦਾ ਦੇ ਨਾਮ ਦਾ ਪੰਜਾਬੀ ਰੂਪ। 2. ਅਨਸੂਆਂ ਜਾਂ ਅਨਸੁਯਾ ਸ਼ਕੁੰਤਲਾ ਦੀ ਇਕ ਹੋਰ ਖਾਸ ਸਹੇਲੀ।
ਸ਼ਕੁੰਤਲਾ ॥47॥