ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਰ ਭਰ ਡੁਲ੍ਹਦੇ ਨੈਣ ਨਿਮਾਣੇ,
ਕਿਉਂ ਮੈਂ ਲਾਇਆ ਹਿੱਤ ਨੀ ਭਾਦੋਂ।
ਭੁੱਲੜ ਪ੍ਰੀਤਮ ਪ੍ਰੀਤਾਂ ਪਾ ਕੇ,
ਜਾਂ ਬੈਠਾ ਭੁੱਲੜਾਂ ਦੇ ਵੇਹੜੇ।
ਭਰੀ ਪੀਤੀ ਬੈਠੀ ਦਾ ਮੇਰਾ,
ਲੱਗਦਾ ਨਹੀਂ ਹੁਣ ਚਿੱਤ ਨੀ ਭਾਦੋਂ।
ਇਸ਼ਕ ਧੁਨਖ਼ਵਾ ਹੋਇਆ ਮੈਨੂੰ,
ਮੁੜ-ਮੁੜ ਜਾਂਦੇ ਅੰਗ ਕੁੜੇ,
ਐਸੀ ਲਿਸ਼ਕ ਪਈ ਬ੍ਰਿਹੋਂ ਦੀ,
ਪਵੇ ਧੌਣ ਨੂੰ ਖਿੱਚ ਨੀ ਭਾਦੋਂ।
ਗਰਮੀ ਨੇ ਐਸੀ ਅੱਗ ਲਾਈ,
ਮੱਛਰਾਂ ਡੰਗ ਡੰਗ ਸੁਰਤ ਭੁਲਾਈ।
ਯਾਦ ਤੇਰੀ ਤੇ ਪਿੰਡੇ ਉੱਭਰੇ,
ਪੂਰ ਪੂਰਾਂ ਦੇ ਪਿੱਤ ਨੀ ਭਾਦੋਂ।
ਸੱਪਾਂ ਨੁਹਿਆਂ ਬਿੱਛੂਆਂ ਰਲ ਕੇ,
ਲੱਗਦੈ ਇਹ ਰੁੱਤ ਗਿਰਵੀ ਲੈ ਲਈ।
ਮੱਛਰ ਝੋਲੀ ਚੱਕ ਸ਼ਾਹਾਂ ਦਾ,
ਗੇੜੇ ਮਾਰੇ ਨਿੱਤ ਦੀ ਭਾਦੋਂ।
ਬਿਜਲੀ ਨੇ ਐਵੇਂ ਅੱਤ ਚਾਈ,
ਬੱਦਲਾਂ ਨੇ ਇਕ ਛਿੱਟ ਨਾ ਪਾਈ,
ਗਰਜ ਚਮਕ ਦੇ ਸ਼ੋਰ ਨੇ ਮੈਂ ਤਾਂ,
ਕਰਤੀ ਐਵੇਂ ਜਿੱਚ ਨੀ ਭਾਦੋਂ
ਪੰਜਵੇਂ ਭਾਦੋਂ ਪੇਟ ਭਰਮ ਦਾ,
ਹੋਇਆ ਫੁੱਲ ਭੜੋਲਾ ਨੀ।
ਕਿਵੇਂ ਛੁਪਾਵਾਂ ਜੱਗ ਤੋਂ ਵੱਜਿਆ,
ਪ੍ਰੇਮ ਥਪੇੜਾ ਖਿੱਚ ਨੀ ਭਾਦੋਂ।
ਅੱਸੂ
ਅੱਸੂ ਇਕ ਵੇਲ ਪੱਕ ਚੱਲੀ,

ਸ਼ਕੁੰਤਲਾ ॥35॥