ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨੇ ਔਸੀਆਂ ਪਾਉਂਦੀ ਰਹਿੰਦੀ,
ਰਾਤੀਂ ਖ਼ਾਬ ਸਤਾਉਂਦੇ ਨੇ,
ਕੰਮੀ ਧੰਦੀਂ ਜੀਅ ਨਾ ਲੱਗੇ,
ਫਿਰੀਏ ਮਾਰੇ-ਮਾਰੇ ਨੀ।
ਥੇਹਾਂ ਦੀਆਂ ਖੋੜਾਂ ਵਿਚ ਬੈਠੇ,
ਪੰਛੀ ਜਿਉਂ ਠੱਕੇ ਦੇ ਮਾਰੇ,
ਹਿੱਕ ਮੇਰੀ ਵਿਚ ਬੈਠੇ ਸਹਿਮੇ,
ਇਉਂ ਅਰਮਾਨ ਵਿਚਾਰੇ ਨੀ।
ਕੱਤਕ ਮਾਖਿਉਂ ਸ਼ਹਿਦ ਪੱਕਿਆ,
ਖੇਤੀ ਫੁੱਟੇ ਬੀਜ ਕੁੜੇ,
ਬ੍ਰਿਹੋਂ ਮਾਰੇ ਸਿਰ ਨਾ ਚੁੱਕਣ,
ਸਾਡੇ ਚਾਅ ਕੁਆਰੇ ਨੀ।
ਆਖਾਂ ਦਿਲ ਨੂੰ ਦਿਆਂ ਦਿਲਾਸਾ,
ਸੱਜਣ ਸੋਹਣਾ ਆਵੇਗਾ,
ਅੱਕ ਆਖਿਆ ਦਿਲ ਨੇ ਮੈਨੂੰ,
ਰੱਖ ਸਾਂਭ ਕੇ ਲਾਰੇ ਨੀ।
ਸੱਤ ਪੜਦਿਆਂ ਦੇ ਵਿਚ ਰਹਿੰਦੀ,
ਮੈਂ ਹੋ ਗਈ ਬਦਨਾਮ ਕੁੜੇ,
ਨਿੱਤ ਆਥਣੇ ਰੌਲਾ ਪਾਵੇ,
ਚੜ੍ਹ ਕੇ ਇਸ਼ਕ ਚੁਬਾਰੇ ਨੀ।
ਕੱਤਕ ਜੀਅ ਨਾ ਲੱਗੇ ਮੇਰਾ,
ਪੇਕੀਂ ਤ੍ਰਿੰਜਣੀ ਬੈਠੀ ਦਾ,
‘ਭੱਠ ਖੇੜਿਆਂ ਦਾ ਰਹਿਣਾ, ਚੱਲ ਹੁਣ
ਵੱਸੀਏ ਤਖ਼ਤ ਹਜ਼ਾਰੇ ਨੀ।

ਸ਼ਕੁੰਤਲਾ ॥87