ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਹ ਕੋਈ ਰੱਤੀ ਕਾਮ ਕੁਠਾਲੀ।
ਜਾਦੂਗਰਨੀ ਕੋਈ ਬੰਗਾਲਣ।
ਕੋਈ ਬਤਾਲਣ, ਬਾਰਾਂ-ਤਾਲਣ।
ਇਹ ਕੋਈ ਫਫੇ-ਕੁੱਟਣੀ ਮਾਈ।
ਇਹ ਪੁੱਠ-ਪੈਰੀ ਕਿਥੋਂ ਆਈ।
ਇਹ ਕੋਈ ਕਾਮਣਿ ਟੂਣੇ ਹਾਰੀ।
ਗਰਭਵਤੀ ਇਹ ਕੋਈ ਕੁਆਰੀ।
ਦੁਰਾਚਾਰ ਕੋਈ ਨਾਰ ਦੁਹੇਲੀ।
ਇਹ ਸ਼ਤਾਨ ਦੀ ਕੋਈ ਸਹੇਲੀ।
ਇਹ ਕੋਈ ਔਰਤ ਹੈ ਬਦਕਾਰ।
ਧੱਕੇ ਮਰ ਕੇ ਕੱਢੋ ਬਾਹਰ।

ਹੋਈ ਹੁਕਮਾਂ ਦੀ ਤਾਮੀਲ।
ਹੁਣ ਨਾ ਸੁਣਦਾ ਕੋਈ ਅਪੀਲ।
ਉਹ ਦੁਖਿਆਰੀ ਕਰਮਾਂ ਮਾਰੀ।
ਕੱਢੀ ਸ਼ਹਿਰੋਂ ਬਾਹਰ ਵਿਚਾਰੀ।

ਦਿਲ ਵਿਚ ਰਾਜਾ ਕਰੇ ਵਿਚਾਰ।
ਹੋਈ ਕੌਣ ਅਜਬ ਇਹ ਨਾਰ।
ਭਾਵੇਂ ਮੈਨੂੰ ਯਾਦ ਨਾ ਆਵੇ।
ਪਰ ਇਹ ਮੇਰੇ ਮਨ ਨੂੰ ਭਾਵੇ।
ਭਾਵੇਂ ਝੂਠ ਰਹੀ ਹੈ ਬੋਲ।
ਫਿਰ ਵੀ ਸ਼ਕਲੋਂ ਹੈ ਅਨਭੋਲ।
ਕਪਟੀ ਲੋਕ ਇੰਝ ਨਾ ਲੱਗਣ।
ਚੋਰ-ਯਾਰ ਦੇ ਨੈਣ ਨਾ ਕੱਜਣ।
ਇਸ ਦੀ ਪ੍ਰੀਤ ਕੁਆਰੀ ਲੱਗੇ।
ਇਸ ਦੀ ਅਦਾ ਪਿਆਰੀ ਲੱਗੇ।
ਬੋਲੀ ਅਤੇ ਸੋਹਣੀ ਅਤੇ ਮਿੱਠੀ।
ਸੂਰਤ ਲੱਗਦੀ ਕਿਧਰੇ ਡਿੱਠੀ।
ਲੱਗਦੀ ਹੈ ਜਾਣੀ ਪਹਿਚਾਣੀ।
ਪਰ ਨਾ ਆਵੇ ਯਾਦ ਕਹਾਣੀ।
ਉਸਦੇ ਬੋਲਾਂ ਵਿੱਚ ਸੱਚ ਲੱਗਦੈ।
ਅੰਦਰੋਂ ਦਿਲ ਮੇਰਾ ਵੀ ਡਰਦੈ।

ਸ਼ਕੁੰਤਲਾ॥98