ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੜਮਾਂ ਤੇ ਮਾਮਿਆਂ ਦੀ ਮਿਲਣੀ ਕਰਵਾਉਣ ਉਪਰੰਤ ਜਨ ਅਥਵਾ ਬਰਾਤ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿਚ ਕਰਵਾਇਆ ਜਾਂਦਾ। ਪਹਿਲੀ ਰਾਤ ਦੀ ਰੋਟੀ ਜਿਸ ਨੂੰ 'ਕੁਆਰੀ ਰੋਟੀ' ਜਾਂ 'ਮਿੱਠੀ ਰੋਟੀ' ਆਖਦੇ ਸਨ ਘਿਓ ਬੂਰੇ, ਜਾਂ ਚੌਲ਼ ਸ਼ੱਕਰ ਨਾਲ਼ ਦਿੱਤੀ ਜਾਂਦੀ। 'ਮਿੱਠੀ ਰੋਟੀ' ਵੇਲ਼ੇ ਲਾੜਾ ਬਰਾਤ ਨਾਲ਼ ਰੋਟੀ ਖਾਣ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੋ ਭੇਜੀ ਜਾਂਦੀ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿਚ ਬਰਾਤੀ ਧਰਤੀ ਤੇ ਵਛਾਏ 'ਕੋਰਿਆਂ' ਤੇ ਬੈਠਕੇ ਰੋਟੀ ਛਕਦੇ। ਏਧਰ ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ ਤੇ ਬੈਠੀਆਂ ਸੁਆਣੀਆਂ ਨੇ ਬਰਾਤ ਦਾ ਸੁਆਗਤ ਹੇਅਰਿਆਂ ਤੇ ਸਿਠਣੀਆਂ ਨਾਲ਼ ਕਰਨਾ- ਕੁੜਮ ਤੇ ਬਰਾਤੀਆਂ ਨੂੰ ਪਹਿਲਾਂ ਮਿੱਠੇ ਤੇ ਮਗਰੋਂ ਸਲੂਣੇ ਹੇਅਰੇ ਦੇ ਕੇ ਕੋਈ ਸਮਾਂ ਬੰਨ੍ਹ ਦੇਣਾ- ਪਹਿਲੇ ਹੇਅਰੇ ਵਿਚ ਸੁਆਗਤੀ ਬੋਲ ਬੋਲਣੇ:-

ਸਾਡੇ ਨਵੇਂ ਸਜਣ ਘਰ ਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਕੀ ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਰੇ
ਹੋਰ
ਚਾਂਦੀ ਸਜੀ ਤੇਰੀ ਘੋੜੀ ਸਜਨਾ
ਸੋਨੇ ਦੀ ਲਗਾਮ
ਜਿਨ੍ਹੀਂ ਰਾਹੀਂ ਤੂੰ ਆਇਆ ਸਜਨਾ
ਤਾਰੇ ਕਰਨ ਸਲਾਮ

ਸੁਆਗਤੀ ਹੇਅਰਿਆਂ ਮਗਰੋਂ ਵਿਆਹ ਦੀ ਖੁਸ਼ੀ ਵਿਚ ਮਸਤ ਹੋਈਆਂ ਮੁਟਿਆਰਾਂ ਕੁੜਮ ਅਤੇ ਬਰਾਤੀਆਂ ਨੂੰ ਚੁਰਚੁਰੇ ਹੇਅਰੇ ਦੇ ਕੇ ਮਾਹੌਲ ਨੂੰ ਹੁਲਾਸ ਪੂਰਨ ਬਣਾ ਦੇਂਦੀਆਂ। ਪਹਿਲਾਂ ਕੁੜਮ ਦੀ ਬਾਰੀ ਆਉਂਦੀ ਹੈ-:

ਚਾਦਰ ਵੀ ਕੁੜਮਾ ਮੇਰੀ ਪੰਜ ਗਜ਼ੀ
ਵਿਚ ਗੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ

ਕੁੜਮਣੀ ਤੇ ਨਿਸ਼ਾਨਾ ਸੋਧਿਆ ਜਾਂਦਾ ਹੈ:-

ਕਾਲ਼ੀ ਕੁੜਮਾਂ ਤੇਰੀ ਕੰਬਲੀ
ਕਾਲ਼ੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰ
ਤੈਨੂੰ ਪੁੰਨ ਪ੍ਰਾਪਤ ਹੋ
ਹੋਰ
ਕਦੇ ਨਾ ਵਾਹੀਆਂ ਬੋਦੀਆਂ
ਕਦੇ ਨਾ ਲਾਇਆ ਤੇਲ

110/ ਸ਼ਗਨਾਂ ਦੇ ਗੀਤ