ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ 

ਆਉਂਦੀ ਕੁੜੀਏ ਜਾਂਦੀਏ ਕੁੜੀਏ

"ਆਉਂਦੀ ਕੁੜੀਏ ਜਾਂਦੀਏ ਕੁੜੀਏ ਪੰਜਾਬੀ ਲੋਕ-ਕਾਵਿ ਦਾ ਅਲੋਪ ਹੋ ਰਿਹਾ ਵਲੱਖਣ ਕਾਵਿ-ਰੂਪ ਹੈ ਜਿਸ ਨੂੰ ਵਿਆਹ ਦੇ ਅਵਸਰ ਤੇ ਮੇਲਣਾਂ, ਬੜੇ ਚਾਵਾਂ ਨਾਲ਼ ਗਾਉਂਦੀਆਂ ਹਨ। ਇਹ ਸਿਠਣੀਆਂ ਦਾ ਹੀ ਇਕ ਹੋਰ ਰੂਪ ਹੈ ਜੋ ਮਾਲਵੇ ਵਿਚ ਹੀ ਪ੍ਰਚੱਲਤ ਰਿਹਾ ਹੈ। ਇਹ ਉੱਚੀ ਸੁਰ ਵਿਚ, ਸਮੂਹਕ ਰੂਪ ਵਿਚ, ਚਲਦਿਆਂ ਚਲਦਿਆਂ ਗਾਏ ਜਾਣ ਵਾਲ਼ੇ ਹਾਸ-ਵਿਅੰਗ ਭਰਪੂਰ ਲੋਕ ਗੀਤ ਹਨ ਜਿਨ੍ਹਾਂ ਨੂੰ ਗਾ ਕੇ ਔਰਤਾਂ ਆਪਣੇ ਦਿਲਾਂ ਦੇ ਗੁਭ ਗੁਭਾੜ ਹੀ ਨਹੀਂ ਕਢਦੀਆਂ ਬਲਕਿ ਸਮੁੱਚੇ ਵਾਤਾਵਰਣ ਵਿਚ ਹਾਸ-ਵਿਨੋਦ ਦਾ ਸੰਚਾਰ ਵੀ ਕਰਦੀਆਂ ਹਨ। ਇਹਨਾਂ ਗੀਤਾਂ ਵਿਚ ਪੌਣੀ ਸਦੀ ਪਹਿਲਾਂ ਦੇ ਪੇਂਡੂ ਪੰਜਾਬ ਦੇ ਇਤਿਹਾਸ ਦੇ ਅਵਿਸ਼ੇਸ਼ ਵਿਦਮਾਨ ਹਨ ਜਿਨ੍ਹਾਂ ਵਿਚੋਂ ਪੁਰਾਣੇ ਪੰਜਾਬ ਦੇ ਸਮਾਜਿਕ ਤੇ ਸਭਿਆਚਾਰਕ ਦ੍ਰਿਸ਼ ਸਾਫ ਦਿਸ ਆਉਂਦੇ ਹਨ।
ਓਦੋਂ ਵਿਆਹ ਦਾ ਅਵਸਰ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਦਾ ਢੋਆ ਲੈ ਕੇ ਆਉਂਦਾ ਸੀ ਤੇ ਪੰਜਾਬ ਦਾ ਲੋਕ ਮਾਨਸ ਇਸ ਦੇ ਪਲ ਪਲ ਨੂੰ ਮਾਣਦਾ ਹੋਇਆ ਆਪਣੇ ਪੱਬ ਧਰਤੀ ਤੇ ਨਹੀਂ ਸੀ ਆਉਂਦਾ। ਬਰਾਤਾਂ ਤਿੰਨ ਤਿੰਨ, ਚਾਰ ਚਾਰ ਦਿਨ ਕੁੜੀ ਵਾਲਿਆਂ ਦੇ ਪਿੰਡਾਂ ਨਹੀਂ ਸੀ ਮੁੜਦੀਆਂ ਅਤੇ ਔਰਤਾਂ ਅਜ ਵਾਂਗ ਬਰਾਤ ਵਿਚ ਸ਼ਾਮਲ ਨਹੀਂ ਸੀ ਹੁੰਦੀਆਂ।ਓਧਰ ਧੂੜਾਂ ਪੁਟਦਿਆਂ ਬਰਾਤ ਨੇ ਤੁਰਨਾ ਏਧਰ ਵਿਆਹ ਵਾਲ਼ੇ ਘਰ ਨਾਨਕਾ ਮੇਲ਼ ਅਤੇ ਹੋਰ ਰਿਸ਼ਤੇਦਾਰੀਆਂ ’ਚੋਂ ਆਈਆਂ ਮੇਲਣਾਂ ਨੇ ਨੱਚ ਟੱਪ ਕੇ ਕੋਈ ਸਮਾਂ ਬੰਨ੍ਹ ਦੇਣਾ-ਕਿਧਰੇ ਛੱਜ ਕੁਟਣੇ, ਕਿਧਰੇ ਗਿੱਧੇ-ਫੜੂਹੇ ਨੇ ਮੱਘ ਪੈਣਾ ਤੇ ਕਿਧਰੇ ਜਾਗੋ ਕਢਣੀ।
ਖੌਰੂ ਪਾਉਂਦੀਆਂ ਚਾਵਾਂ ਮੱਤੀਆਂ ਮੇਲਣਾਂ ਨੇ ਜਦੋਂ ਵਿਆਹ ਵਾਲ਼ੇ ਘਰ ਤੋਂ ਸਵੇਰ-ਸ਼ਾਮ ਬਾਹਰ ਬੈਠਣ ਲਈ ਜਾਣਾ ਜਾਂ ਸ਼ਰੀਕੇ ਵਿਚ ਪਰੋਸੇ ਫੇਰਨ ਜਾਂ ਜਠੇਰਿਆਂ ਤੇ ਮੱਥਾ ਟਕਾਉਣ ਲਈ ਬਾਹਰ ਨਿਕਲਣਾ ਤਾਂ ਸਾਰੀਆਂ ਮੇਲਣਾਂ ਨੇ ਤੁਰਦਿਆਂ ਫਿਰਦਿਆਂ ਸਮੂਹਕ ਰੂਪ ਵਿਚ "ਆਉਂਦੀ ਕੁੜੀਏ ਜਾਂਦੀਏ ਕੁੜੀਏ" ਨਾਮੀ ਗੀਤ ਲੰਮੀ ਹੇਕ ਨਾਲ਼ ਗਾ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ! ਵਿਆਹੀਆਂ ਔਰਤਾਂ-ਮੁਟਿਆਰਾਂ ਘੱਗਰੇ ਪਾਉਂਦੀਆਂ ਸਨ ਤੇ ਅਲ੍ਹੜ ਮੁਟਿਆਰਾਂ ਫਬਵੇਂ ਰੰਗ ਬਰੰਗੇ ਸੂਟਾਂ ਵਿਚ ਸਜੀਆਂ ਮਨੋਹਰ ਨਜ਼ਾਰਾਂ ਪੇਸ਼ ਕਰਦੀਆਂ ਸਨ। ਉਹਨਾਂ ਤੁਰਨ ਸਮੇਂ ਮੰਗਲਾ ਚਰਨ ਵਜੋਂ ਗੁਰੂਆਂ ਨੂੰ ਯਾਦ ਕਰਦਿਆਂ ਗੀਤ ਆਰੰਭ ਦੇਣੇ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਕਾਨਾ

114 / ਸ਼ਗਨਾਂ ਦੇ ਗੀਤ