ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/141

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਧਰਤੀ ਗੁੱਗੇ ਦੀ ਹੈ, ਚਾਰੇ ਪਾਸੇ ਏਸੇ ਦਾ ਰਾਜ ਹੈ, ਗੀਤ ਦੇ ਬੋਲ
ਹਨ:-
ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀ ਤੇਰਾ ਰਾਜ
ਪਰਜਾ ਵਸੇ ਸੁਖਾਲੀ ਹੋ
ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀ ਤੇਰਾ ਰਾਜ
ਜੀ ਕੂਟਾਂ ਝੁਕੀਆਂ ਚਾਰੇ

ਇਹ ਤਾਂ ਔਰਤਾਂ ਵਲੋਂ ਗਾਏ ਜਾਂਦੇ ਗੁੱਗੇ ਦੇ ਕੁਝ ਗੀਤ ਹਨ। ਇਹਨਾਂ ਤੋਂ ਇਲਾਵਾ ਗੁੱਗੇ ਦੇ ਭਗਤ ਜਿਹੜੇ ਗੀਤ ਮੰਗਣ ਸਮੇਂ ਗਾਉਂਦੇ ਹਨ ਉਹਨਾਂ ਨੂੰ ਵਿਚਾਰਨਾ ਵਖਰੇ ਲੇਖ ਦਾ ਵਿਸ਼ਾ ਹੈ।
ਗੁੱਗੇ ਵਾਂਗ ਹੀ ਪੰਜਾਬੀ ਸੁਆਣੀਆਂ ਸੀਤਲਾ ਮਾਤਾ ਦੀ ਪੂਜਾ ਕਰਦੀਆਂ ਹਨ। ਉਹ ਚੇਚਕ ਨੂੰ ਮਾਤਾ ਰਾਣੀ ਅਥਵਾ ਸੀਤਲਾ ਦੇਵੀ ਆਖਦੀਆਂ ਹਨ। ਲੋਕ ਮਾਨਸਿਕਤਾ ਅਨੁਸਾਰ ਚੇਚਕ ਦੇ ਰੋਗੀ ਦਾ ਡਾਕਟਰੀ ਇਲਾਜ ਕਰਵਾਉਣਾ ਵਰਜਿਤ ਹੈ ਨਹੀਂ ਤਾਂ ਮਾਤਾ ਰਾਣੀ ਗੁੱਸੇ ਹੋ ਜਾਵੇਗੀ। ਇਸ ਰੋਗ ਦਾ ਇਲਾਜ ਝਿਊਰ ਪਾਣੀ ਕਰਕੇ ਕਈ ਇਕ ਟੂਣੇ ਟਾਮਣਾਂ ਨਾਲ਼ ਕਰਦੇ ਹਨ। ਰੋਗੀ ਦੀ ਜਾਨ ਦੀ ਸੁਖ ਲਈ ਮਾਤਾ ਰਾਣੀ ਦੇ ਥੰਮ ਸੁਖੇ ਜਾਂਦੇ ਹਨ। ਗੁਲਗਲੇ ਕਚੌਰੀਆਂ ਨੂੰ ਮਾਤਾ ਦੇ ਥੰਮ ਆਖਿਆ ਜਾਂਦਾ ਹੈ। ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਜਿਸ ਘਰ ਕਿਸੇ ਜੀ ਦੇ ਚੇਚਕ ਨਿਕਲ਼ੀ ਹੋਵੇ ਉਸ ਵਲੋਂ ਇਸ ਦਿਨ ਮਾਤਾ ਰਾਣੀ ਦੀ ਸੁਖਣਾ ਲਾਹੁਣ ਦੀ ਪੱਕੀ ਪਿਰਤ ਹੈ। ਜਿਸ ਘਰ ਮਾਤਾ ਨਾ ਵੀ ਨਿਕਲ਼ੀ ਹੋਵੇ ਉਹ ਮਾਤਾ ਨੂੰ ਖ਼ੁਸ਼ ਕਰਨ ਲਈ ਉਸ ਦੀ ਪੂਜਾ ਕਰਦੇ ਹਨ ਤਾਂ ਜੋ ਉਹ ਉਹਨਾਂ ਦੇ ਕਿਸੇ ਜੀ ਅਥਵਾ ਬੱਚੇ ਦੇ ਨਾ ਨਿਕਲ਼ੇ। ਚੇਤ ਦੇ ਜੇਠੇ ਮੰਗਲਵਾਰ ਨੂੰ ਮਾਲਵੇ ਖਾਸ ਕਰਕੇ ਪੁਆਧ ਦੇ ਹਰ ਪਿੰਡ ਵਿਚ ਮਾਤਾ ਰਾਣੀ ਦੇ ਥਾਨਾਂ ਤੇ ਜਾਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਥਾਨਾਂ ਤੇ ਗੁਲਗਲੇ ਤੇ ਬਰੂੜ੍ਹ ਚੜ੍ਹਾਏ ਜਾਂਦੇ ਹਨ। ਪੰਜਾਬ ਦੇ ਪ੍ਰਸਿਧ ਮੇਲੇ ‘ਜਰਗ ਦੇ ਮੇਲੇ’ ਤੇ ਜਾਕੇ ਸੁੱਖਾਂ ਲਾਹੁਣ ਅਤੇ ਮਿੱਟੀ ਕੱਢਣ ਦਾ ਵਧੇਰੇ ਮਹਾਤਮ ਸਮਝਿਆ ਜਾਂਦਾ ਹੈ।
ਥਾਲ਼ੀਆਂ ਵਿਚ ਗੁਲਗਲੇ ਕਚੌਰੀਆਂ ਆਦਿ ਰਖਕੇ ਔਰਤਾਂ ਗੀਤ ਗਾਉਂਦੀਆਂ ਹੋਈਆਂ ਸੀਤਲਾ ਮਾਤਾ ਦੇ ਨਾਂ ਤੇ ਪੂਜਾ ਕਰਨ ਜਾਂਦੀਆਂ ਹਨ! ਉਹ ਤਕਰੀਬਨ ਓਹੀ ਗੀਤ ਗਾਉਂਦੀਆਂ ਹਨ ਜਿਹੜੇ ਗੁੱਗੇ ਦੀ ਪੂਜਾ ਕਰਨ ਸਮੇਂ ਗਾਏ ਜਾਂਦੇ ਹਨ। ਉਹ ਗੁੱਗੇ ਦੀ ਥਾਂ ਮਾਤਾ ਸ਼ਬਦ ਦਾ ਪ੍ਰਯੋਗ ਕਰ ਲੈਂਦੀਆਂ ਹਨ:-

141 / ਸ਼ਗਨਾਂ ਦੇ ਗੀਤ