ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜ਼ੀ ਕੂੰਟਾਂ ਚੱਲੀਆਂ ਚਾਰੇ
ਜੀ ਜੱਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਜਗ ਚੱਲਿਆ ਸਾਰਾ
ਮਾਤਾ ਰਾਣੀ ਦੇ ਮੰਦਰਾਂ ਤੇ ਚੂਕਦੀ ਚਿੜੀ ਜੋ ਮਾਤਾ ਦਾ ਪ੍ਰਤੀਕ ਹੈ ਪਾਸੋਂ
ਮਿੱਠੀਆਂ ਮੁਰਾਦਾਂ ਦੀ ਮੰਗ ਕਰਦੀਆਂ ਹਨ:-
ਮਾਤਾ ਰਾਣੀ ਦੀਏ ਚਿੜੀਏ
ਚੰਬੇ ਵਾਗੂੰ ਖਿੜੀਏ
ਡਾਲੀ ਡਾਲੀ ਫਿਰੀਏ
ਤੂੰ ਦੇ ਨੀ ਮੁਰਾਦਾਂ ਮਿੱਠੀਆਂ
ਅਸੀਂ ਘਰ ਨੂੰ ਜੀ ਮੁੜੀਏ
ਆਪਣੇ ਬੱਚਿਆਂ ਦੀ ਜਾਨ ਦੀ ਸੁਖ ਮੰਗਦੀਆਂ ਤ੍ਰੀਮਤਾਂ ਥਾਨਾਂ ਤੇ ਪੂਜਾ
ਕਰਨ ਉਪਰੰਤ ਇਹ ਬੋਲ ਗਾਉਂਦੀਆਂ ਹਨ:-
ਮਾਤਾ ਰਾਣੀਏ .
ਗੁਲਗਲੇ ਖਾਣੀਏਂ
ਬਾਲ ਬੱਚਾ ਰਾਜ਼ੀ ਰੱਖਣਾ
ਭਾਵੇਂ ਪੰਜਾਬੀਆਂ ਵਿਚ ਜਾਗ੍ਰਤੀ ਆ ਗਈ ਹੈ। ਉਹ ਹੁਣ ਚੇਚਕ (ਮਾਤਾ) ਦਾ ਇਲਾਜ ਡਾਕਟਰਾਂ ਪਾਸੋਂ ਕਰਵਾਉਣ ਲਗ ਪਏ ਹਨ ਪਰੰਤੂ ਸੁਆਣੀਆਂ ਅਜੇ ਵੀ ਮਾਤਾ ਦੀ ਪੂਜਾ ਪਹਿਲਾਂ ਵਾਂਗ ਹੀ ਕਰਦੀਆਂ ਹਨ।
142 / ਸ਼ਗਨਾਂ ਦੇ ਗੀਤ