ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/159

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੀਤੀ। ਤੁਹਾਨੂੰ ਬਚਪਨ ਤੋਂ ਹੀ ਪੰਜਾਬ ਦੇ ਲੋਕ ਨਾਇਕਾਂ ਦੇ ਕਿੱਸੇ, ਬੁਝਾਰਤਾਂ, ਲੋਕ ਖੇਡਾਂ, ਬੋਲੀਆਂ, ਲੋਕ ਅਖਾਣਾਂ, ਲੋਕ ਕਹਾਣੀਆਂ ਅਤੇ ਲੋਕ ਗੀਤਾਂ ਨੂੰ ਇਕੱਠੇ ਕਰਨ ਦਾ ਬਹੁਤ ਸ਼ੌਕ ਸੀ। ਅਜਿਹਾ ਸ਼ੋਕ ਤੁਹਾਡੇ ਅੰਦਰ ਕਿਵੇਂ ਜਾਗਿਆ? ਤੁਹਾਨੂੰ ਕਿਵੇਂ ਅਹਿਸਾਸ ਹੋਇਆ ਕਿ ਇਹ ਬਹੁਤ ਵੱਡਾ ਅਨਮੋਲ ਖਜ਼ਾਨਾ ਹੈ?

ਮਾਦਪੁਰੀ: ਸ਼ਰਮਾ ਜੀ ਅਸਲ ਵਿਚ ਪੰਜਾਬੀ ਸਭਿਆਚਾਰ ਦੇ ਹਰ ਰੰਗ ਨੂੰ ਮੈਂ ਆਪ ਮਾਣਿਆਂ ਹੈ। ਪਸ਼ੂ ਚਾਰਦਿਆਂ ਬੋਲੀਆਂ ਪਾਉਂਣੀਆਂ, ਰਾਤਾਂ ਨੂੰ ਬਾਤਾਂ ਪਾਉਣੀਆਂ, ਬੁਝਾਰਤਾਂ ਬੁਝਣੀਆਂ, ਪਿੰਡ ਦੇ ਪੋਹੂ ਬ੍ਰਾਮਣ ਤੋਂ ਲੰਬੀਆਂ ਬਾਤਾਂ ਸਾਰੀ ਸਾਰੀ ਰਾਤ ਸੁਣਦੇ ਰਹਿਣਾ, ਸਾਂਝੀ ਦੇ ਗੀਤ ਆਪ ਗਾਉਣੇ ਤੇ ਲੋਹੜੀ ਮੰਗਦੇ ਸਮੇਂ ਲੋਹੜੀ ਦੇ ਗੀਤ ਗਾਉਣੇ ਤੇ ਆਥਣ ਸਮੇਂ ਲੋਕ ਖੇਡਾਂ ਖੇਡਣੀਆਂ। ਮੇਰੀ ਬੇਬੇ ਅਤੇ ਤਾਈ ਨੂੰ ਬਹੁਤ ਸਾਰੇ ਗੀਤ ਯਾਦ ਸਨ। ਉਹ ਚੱਕੀ ਝੋਂਦੇ ਸਮੇਂ ਅਕਸਰ ਲੰਬੇ ਗੀਤ ਗਾਉਂਦੀਆਂ ਰਹਿੰਦੀਆਂ ਸਨ ਜੋ ਸੁਤੇ ਸਿਧ ਹੀ ਮੇਰੇ ਅੰਦਰ ਲਹਿ ਗਏ। ਮੇਰੇ ਬਾਪੂ ਨੂੰ ਬਹੁਤ ਸਾਰੇ ਦੋਹੇ ਅਤੇ ਕਲੀਆਂ ਯਾਦ ਸਨ ਉਹਨਾਂ ਨਾਲ਼ ਖੇਤੀ ਦਾ ਕੰਮ ਕਰਦਿਆਂ ਅਕਸਰ ਦੋਹੇ ਤੇ ਕਲੀਆਂ ਸੁਣਨੀਆਂ....ਬਸ ਸ਼ੋਕ ਵਜੋਂ ਹੀ ਅਠਵੀਂ ਨੌਵੀ ਵਿਚ ਪੜ੍ਹਦਿਆਂ ਇਹਨਾਂ ਨੂੰ ਵਖ ਵਖ ਕਾਪੀਆਂ ਤੇ ਲਿਖਣਾ ਸ਼ੁਰੂ ਕਰ ਦਿੱਤਾ। ਉਦੋਂ ਮੈਨੂੰ ਇਹਨਾਂ ਦੇ ਸਾਹਿਤਕ ਮਹੱਤਵ ਬਾਰੇ ਕੋਈ ਅਹਿਸਾਸ ਨਹੀਂ ਸੀ ਨਾ ਹੀ ਕੋਈ ਹੋਰ ਅਗਵਾਈ ਕਰਨ ਵਾਲ਼ਾ ਸੀ.... ਇਹ ਵੀ ਕਦੀ ਨਹੀਂ ਸੀ ਸੋਚਿਆ ਕਿ ਇਹ ਪੁਸਤਕਾਂ ਦਾ ਰੂਪ ਵੀ ਧਾਰਨ ਕਰਨਗੀਆਂ।

ਸੁਸ਼ੀਲ: ਇਹ ਵੀ ਸੁਨਣ ਵਿਚ ਆਇਆ ਹੈ ਕਿ ਤੁਸੀਂ ਅਜ ਵੀ ਟੇਪ ਰੀਕਾਰਡਰ ਦੀ ਵਰਤੋਂ ਨਹੀਂ ਕਰਦੇ ਹੋ। ਲੋਕਾਂ ਦੇ ਮੂਹੋਂ ਸੁਣਿਆਂ ਸੁਣਾਇਆ ਹੀ ਲਿਖਦੇ ਹੋ।

ਮਾਦਪੁਰੀ: ਓਦੋਂ ਟੇਪ ਰੀਕਾਰਡਰ ਕਿਥੇ ਹੁੰਦੇ ਸਨ ਨਾ ਹੀ ਮੈਨੂੰ ਇਹਨਾਂ ਬਾਰੇ ਜਾਣਕਾਰੀ ਸੀ। ਜਦੋਂ ਮੈਂ ਕਿਸੇ ਮਾਈ ਜਾਂ ਮੁਟਿਆਰ ਪਾਸੋਂ ਗੀਤ ਸੁਣਦਾ ਸਾਂ ਤਾਂ ਪੰਜ ਚਾਰ ਨੇ ਕੱਠੀਆਂ ਹੋਕੇ ਗੀਤ ਲਖਾਉਣਾ- ਨਾਲ਼ੋ ਨਾਲ਼ ਸੁਧਾਈ ਹੋ ਜਾਣੀ- ਐਨ ਇਨ ਬਿਨ ਜਿਵੇਂ ਅਗਲੀ ਨੇ ਬੋਲਣਾ ਮੈਂ ਲਿਖ ਲੈਣਾ ਤੇ ਮਗਰੋਂ ਕਾਪੀ ਤੇ ਉਤਾਰਾ ਕਰ ਲੈਣਾ। ਇਹ ਆਦਤ ਮੈਂ ਅਜੇ ਤਿਆਗੀ ਨਹੀਂ।

ਸੁਸ਼ੀਲ: ਜਿਹੜਾ ਵਿਰਸਾ ਸਾਡੇ ਕੋਲੋਂ ਲੋਪ ਹੋ ਗਿਆ, ਉਸ ਬਾਰੇ ਕੀ ਕਹਿਣਾ ਚਾਹੋਗੇ?

ਮਾਦਪੁਰੀ: ਬਸ ਝੂਰ ਰਹੇ ਹਾਂ! ਸਾਡੀ ਵਿਰਾਸਤ ਦਾ ਧੁਰਾ ਪਿੰਡ-ਪਿੰਡ ਨਹੀਂ ਰਿਹਾ- ਮਸ਼ੀਨੀ ਸਭਿਅਤਾ ਪਿੰਡਾਂ ਵਿਚ ਪ੍ਰਵੇਸ਼ ਕਰ ਚੁੱਕੀ ਹੈ- ਨਾ ਖੂਹ ਰਹੇ ਹਨ- ਨਾ ਹਲਟ...ਕੱਚੇ ਕੋਠੇ ਢਾਰੇ ਪੱਕੀਆਂ ਹਵੇਲੀਆਂ ਤੇ ਕੋਠੀਆਂ 'ਚ ਤਬਦੀਲ ਹੋ ਰਹੇ ਹਨ। ਭਾਈਚਾਰਕ ਸਾਂਝਾਂ ਖੰਭ ਲਾ ਕੇ ਉਡ ਗਈਆਂ ਹਨ। ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹ-ਸ਼ਾਦੀਆਂ ਨੇ ਸੁਹਾਗ, ਘੋੜੀਆਂ, ਹੇਰੇ, ਸਿੱਠਣੀਆਂ ਤੇ ਹੋਰ

159/ ਸ਼ਗਨਾਂ ਦੇ ਗੀਤ