ਲੋਕ ਗੀਤ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵਾਂ-ਭਾਵਾਂ, ਉਦਗਾਰਾਂ, ਗਮੀਆਂ, ਖ਼ੁਸ਼ੀਆਂ ਅਤੇ ਉਮੰਗਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਦੀ ਗਾਥਾ ਵੀ ਬਿਆਨ ਕਰਦੇ ਹਨ। ਇਹਨਾਂ ਵਿਚ ਕਿਸੇ ਜਨ ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸਭਿਆਚਾਰਕ ਤੱਤ ਸਮੋਏ ਹੁੰਦੇ ਹਨ। ਇਹਨਾਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਹਨਾਂ ਨੂੰ ਸਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵੀ ਸਮਝਣ ਦੀ ਲੋੜ ਹੈ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਸਾਕਾਦਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ।ਇਹਨਾਂ ਵਿਚ ਜਨ ਜੀਵਨ ਦੀ ਆਤਮਾ ਵਿਦਮਾਨ ਹੈ।
ਪੰਜਾਬ ਦੇ ਲੋਕ ਗੀਤਾਂ ਵਿਚ ਪੰਜਾਬੀਆਂ ਦਾਜਨ ਜੀਵਨ ਧੜਕਦਾ ਹੈ।ਇਹ ਉਹਨਾਂ ਦੀ ਕਲਾਤਮਕ ਸਿਰਜਣਾ ਦਾ ਸੁਹਜ-ਆਤਮਕ ਪ੍ਰਗਟਾਵਾ ਹਨ। ਪੰਜਾਬ ਦੇ ਲੋਕ ਗੀਤ ਅਨੇਕਾਂ ਗੀਤ-ਰੂਪਾਂ ਵਿਚ ਪ੍ਰਾਪਤ ਹਨ। ਲੋਰੀਆਂ, ਥਾਲ, ਕਿਕਲੀ ਦੇ ਗੀਤ, ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ, ਆਉਂਦੀ ਕੁੜੀਏ ਜਾਂਦੀ ਕੁੜੀਏ, ਗਿੱਧੇ ਦੀਆਂ ਲੰਬੀਆਂ ਤੇ ਇਕ ਲੜੀ ਬੋਲੀਆਂ, ਦੋਹੇ, ਮਾਹੀਆ ਅਤੇ ਲੰਬੇ ਗਾਉਣ ਪੰਜਾਬੀ ਲੋਕ ਗੀਤਾਂ ਦੇ ਭਿੰਨ ਭਿੰਨ ਰੂਪ ਹਨ। ਇਸ ਪੁਸਤਕ ਵਿਚ ਲੋਕ ਸਾਹਿਤ ਦੇ ਪਾਣਕਾਂ ਅਤੇ ਲੋਕਧਾਰਾ ਦੇ ਖੋਜਾਰਥੀਆਂ ਲਈ ਪੰਜਾਬੀ ਲੋਕਗੀਤਾਂ ਦੇ ਵਿਭਿੰਨ ਰੂਪਾਂ ਦੀ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਇਸ ਲਈ ਇਹ ਪੁਸਤਕ ਪੰਜਾਬੀ ਪਾਠਕਾਂ ਨੂੰ ਜਿੱਥੇ ਆਪਣੀ ਮੁਲਵਾਨ ਵਿਰਾਸਤ ਨਾਲ਼ ਜੋੜੇਗੀ ਉਥੇ ਉਹਨਾਂ ਨੂੰ ਸੁਹਜ-ਆਤਮਕ ਆਨੰਦ ਵੀ ਪ੍ਰਦਾਨ ਕਰੇਗੀ।
-ਸੁਖਦੇਵ ਮਾਦਪੁਰੀ