ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਬੂਣ ਨਾਲ਼ ਧੋਨੀ ਆਂ
ਸਬੂਣ ਗਿਆ ਉਡ ਪੁਡ
ਲੈ ਨੀ ਭਾਬੋ ਮੋਤੀ ਚੁਗ
ਭਾਬੋ ਮੇਰੀ ਸੋਹਣੀ
ਜੀਹਦੇ ਮੱਥੇ ਦੌਣੀ
ਦੌਣੀ ਵਿਚ ਸਤਾਰਾ
ਮੈਨੂੰ ਵੀਰ ਪਿਆਰਾ
ਵੀਰੇ ਦੀ ਮੈਂ ਵਹੁਟੀ ਡਿੱਠੀ
ਚੰਨ ਨਾਲੋਂ ਚਿੱਟੀ
ਤੇ ਪਤਾਸਿਆਂ ਤੋਂ ਮਿੱਠੀ


ਭੈਣ ਨੂੰ ਵੀਰ ਦੇ ਵਿਆਹ ਦਾ ਚਾਅ ਤਾਂ ਭਲਾ ਹੋਣਾ ਹੀ ਹੋਇਆ। ਉਸ ਨੂੰ ਤਾਂ ਆਪਣੇ ਵੀਰ ਦੇ ਮੰਗੇ ਜਾਣ ਦਾ ਵੀ ਮਾਣ ਹੈ। ਕੁਆਰਾ ਵੀਰ ਵੀ ਉਸ ਦੀ ਬਾਲ ਕਲਪਨਾ ਦੇ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਸ਼ਹਿਰ ਜਾ ਚੌਪਟ ਖੇਡਦਾ ਹੈ:

ਅੰਬੋ ਨੀ ਮਾਏ ਅੰਬੇ
ਮੇਰੇ ਸੱਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ
ਉਹ ਚੌਪਟ ਖੇਲਣ ਵਾਲ਼ਾ
ਚੌਪਟ ਕਿੱਥੇ ਖੇਲੇ
ਲਾਹੌਰ ਸ਼ਹਿਰ ਖੇਲੇ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿਚ ਖਲੋਤੀ
ਮੈਂ ਬੜੇ ਬਾਬੇ ਦੀ ਪੋਤੀ


ਕਿਧਰੇ ਵੀਰ ਦੇ ਬਾਗਾਂ ਵਿਚ ਚੰਬਾਕਲੀ ਖਿੜਦੀ ਹੈ। ਉਸ ਦਾ ਵੀਰਾ ਸਰਦਾਰ ਬਣ ਕੇ ਕੁਰਸੀ ਤੇ ਬਹਿੰਦਾ ਹੈ ਤੇ ਉਸ ਦੀ ਭਾਬੋ ਪਰਧਾਨ ਬਣ ਕੇ ਪੀਹੜੀ ਤੇ ਬਿਰਾਜਮਾਨ ਹੁੰਦੀ ਹੈ। ਗੀਤ ਦੇ ਬੋਲ ਹਨ:


ਹੇਠ ਵਗੇ ਦਰਿਆ
ਉਤੇ ਮੈਂ ਖੜੀ
ਮੇਰੇ ਵੀਰੇ ਲਾਇਆ ਬਾਗ਼
ਖਿੜ ਪਈ ਚੰਬਾ ਕਲੀ
ਚੰਬਾਕਲੀ ਨਾ ਤੋੜ
ਵੀਰ ਮੇਰਾ ਕੁਕੁਟੂਗਾ
ਮੇਰਾ ਵੀਰ ਬੜਾ ਸਰਦਾਰ
ਬਹਿੰਦਾ ਕੁਰਸੀ ਤੇ

24/ਸ਼ਗਨਾਂ ਦੇ ਗੀਤ