ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਮਾਂ ਵਿਆਹ ਕਰ
ਧੀਏ ਧੀਏ ਰਾਹ ਕਰ
ਮਾਂ ਮਾਂ ਜੰਝ ਆਈ
ਧੀਏ ਧੀਏ ਕਿੱਥੇ ਆਈ
ਆਈ ਪਿੱਪਲ ਦੇ ਹੇਠ
ਨਾਲ਼ੇ ਸਹੁਰਾ ਨਾਲ਼ੇ ਜੇਠ
ਨਾਲ਼ੇ ਮਾਂ ਦਾ ਜਵਾਈ
ਖਾਂਦਾ ਲੁੱਚੀ ਤੇ ਕੜਾਹੀ
ਲੈਂਦਾ ਲੇਫ ਤੇ ਤਲਾਈ
ਪੀਂਦਾ ਦੁੱਧ ਤੇ ਮਲ਼ਾਈ
ਭੈੜਾ ਰੁੱਸ ਰੁਸ ਜਾਂਦਾ
ਸਾਨੂੰ ਸ਼ਰਮਾਂ ਪਿਆ ਦਵਾਂਦਾ
ਆਲ ਮਾਲ
ਹੋਇਆ ਭੈਣੇ ਪੂਰਾ ਥਾਲ਼

ਪ੍ਰਦੇਸੀਂ ਗਏ ਵੀਰਾਂ ਲਈ ਅਰਦਾਸਾਂ ਕਰਦੀ ਉਹ ਅਪਣੇ ਮਾਂ ਬਾਪ ਦੇ ਵਾਰੇ ਵਾਰੇ ਜਾਂਦੀ ਹੋਈ ਥਾਲ਼ ਪਾਉਂਦੀ ਹੈ:-

ਕੋਠੇ ਉੱਤੇ ਤਾਣੀ
ਖੂਹ 'ਚ ਮਿੱਠਾ ਪਾਣੀ
ਬਾਬਲ ਮੇਰਾ ਰਾਜਾ
ਅੰਬੜੀ ਰਾਣੀ
ਦੁੱਧ ਦੇਵਾਂ
ਦਹੀਂ ਜਮਾਵਾਂ
ਵੀਰਾਂ ਦੀਆਂ ਦੂਰ ਬਲਾਵਾਂ
ਵੇਲ ਕੱਢਾਂ ਫੁੱਲ ਕੱਢਾਂ
ਕੱਢਾਂ ਮੈਂ ਕਸੀਦੜਾ
ਲਹਿਰਾਂ ਦੀ ਮੈਂ ਵੇਲ ਪਾਵਾਂ
ਰੰਗਾਂ ਦਾ ਬਗੀਚੜਾ
ਸਭ ਭਰਾਈਆਂ ਕੁੜੀਆਂ
ਆਰੇ ਪਾਰੇ ਜੁੜੀਆਂ
ਆਲ ਮਾਲ
ਹੋਇਆ ਪੂਰਾ ਥਾਲ਼

ਲੰਬੇ ਆਕਾਰ ਦੇ ਗੀਤਾਂ ਤੋਂ ਇਲਾਵਾ ਵੀ ਨਿੱਕੀਆਂ ਬੱਚੀਆਂ ਛੋਟੇ ਆਕਾਰ ਦੇ ਥਾਲ਼ ਪਾਉਂਦੀਆਂ ਹਨ:-

32/ ਸ਼ਗਨਾਂ ਦੇ ਗੀਤ