ਆਦਿ ਕਾਲ ਤੋਂ ਰੁੱਖਾਂ ਨਾਲ਼ ਪੰਜਾਬੀਆਂ ਦੀ ਸਾਂਝ ਰਹੀ ਹੈ। ਉਹ ਮਨੁੱਖ ਦੇ ਜੀਵਨ ਦਾਤੇ ਹਨ। ਭਲਾ ਜੀਵਨ ਦਾਤਿਆਂ ਨੂੰ ਲੋਕ ਮਨ ਕਿਵੇਂ ਭੁਲਾ ਸਕਦਾ ਹੈ, ਪਿੱਪਲ, ਬੋਹੜ, ਕਿੱਕਰ, ਬੇਰੀਆਂ, ਨਿੰਮ, ਜੰਡ, ਕਰੀਰ, ਟਾਹਲੀ, ਨਿੰਬੂ, ਅੰਬ ਅਤੇ ਜਾਮਣਾਂ ਦੇ ਰੁਖ ਲੋਕ ਬੋਲੀਆਂ ਵਿਚ ਲਹਿਲਹਾਉਂਦੇ ਨਜ਼ਰੀਂ ਪੈਂਦੇ ਹਨ:-
ਪਿੱਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ-
ਕਿਹੜੀ ਛਾਉਣੀ ਲੁਆ ਲਿਆ ਨਾਵਾਂ
*
ਪਿੱਪਲਾ ਦਸਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ
*
ਪਿੱਪਲਾਂ ਉੱਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲਾਂ
ਜੰਗ ਨੂੰ ਨਾ ਜਾਹ ਵੇ
ਦਿਲ ਦੇ ਬੋਲ ਮੈਂ ਬੋਲਾਂ
*
ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ
*
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
*
ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ
*
ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ
*
48/ ਸ਼ਗਨਾਂ ਦੇ ਗੀਤ