ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਹਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ
*ਭਾਈ ਕਾਨ੍ਹ ਸਿੰਘ, "ਮਹਾਨ ਕੋਸ਼`, ਤੀਜਾ ਸੰਸਕ੍ਰਣ, ਪੰਨਾ-652)
ਕਾਵਿ ਰੂਪ ਹੈ। ਪੰਜਾਬ ਦੇ ਲੋਕ ਮਾਨਸ ਨੇ ਅਪਣੇ ਮਨੋਭਾਵਾਂ ਦੇ ਪ੍ਰਗਟਾਅ ਲਈ ਇਸ ਕਾਵਿ ਰੂਪ ਨੂੰ ਬੜੀ ਸ਼ਿੱਦਤ ਨਾਲ਼ ਗਾਂਵਿਆ ਹੈ। ਲੋਕ ਦੋਹੇ ਅਤੇ ਲੋਕ ਦੋਹੜੇ ਦੇ ਰੂਪ ਵਿਚ ਇਹ ਪੰਜਾਬ ਦੇ ਕਣ ਕਣ ਵਿਚ ਰਮਿਆ ਹੋਇਆ ਹੈ। ਦੋਹਿਆਂ ਦੇ ਰਚਣਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਅਤਾ ਪਤਾ ਨਹੀਂ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਇਹ ਵੀ ਜਨ ਸਮੂਹ ਦੀ ਦੇਣ ਹਨ। ਇਹਨਾਂ ਵਿਚ ਪੰਜਾਬੀਆਂ ਦੇ ਮਨੋਭਾਵਾਂ, ਉਦਗਾਰਾਂ, ਖ਼ੁਸ਼ੀਆਂ-ਗਮੀਆਂ, ਵਿਛੋੜੇ ਦੇ ਸੱਲਾਂ ਅਤੇ ਵੈਰਾਗ ਦੀਆਂ ਕੁਲਾਂ ਵਹਿ ਰਹੀਆਂ ਹਨ। ਇਹ ਮੁਹੱਬਤਾਂ ਦੇ ਗੀਤ ਹਨ, ਇਸ਼ਕ ਮਜ਼ਾਜੀ ਦੀ ਬਾਤ ਪਾਉਂਦੇ ਹਨ, ਦਰਸ਼ਨ ਤੇ ਸਦਾਚਾਰ ਦੀ ਗੁੜ੍ਹਤੀ ਦੇਂਦੇ ਹਨ, ਇਹਨਾਂ ਵਿਚ ਪੰਜਾਬ ਦੀ ਲੋਕ ਚੇਤਨਾ ਵਿਦਮਾਨ ਹੈ। ਇਹਨਾਂ ਵਿਚ ਪੰਜਾਬੀਆਂ ਦੀ ਸੁਹਜ-ਆਤਮਕ ਬੋਧ ਦੇ ਝਲਕਾਰੇ ਨਹੀਂ ਪੈਂਦੇ ਹਨ। ਅਸਲ ਵਿਚ ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਿਕ ਜ਼ਿੰਦਗੀ ਧੜਕਦੀ ਹੈ। ਇਹ ਤਾਂ ਪੰਜਾਬ ਦੇ ਸਾਦੇ ਮੁਰਾਦੇ ਗੁਣੀਆਂ ਦੀ ਬਹੁਮੁੱਲੀ ਤੇ ਬਹੁਭਾਂਤੀ ਦੇਣ ਹਨ ਜਿਨ੍ਹਾਂ ਵਿਚ ਪੰਜਾਬ ਦੀ ਆਤਮਾ ਦੇ ਖੁੱਲ੍ਹੇ ਦੀਦਾਰੇ ਹੁੰਦੇ ਹਨ।
ਦੋਹਾ ਲੰਬੀ ਹੇਕ ਅਤੇ ਠਰ੍ਹਾ ਨਾਲ਼ ਗਾਉਣ ਵਾਲ਼ਾ ਕਾਵਿ ਰੂਪ ਹੈ। ਇਸ ਨੂੰ ਗਾਉਣ ਦਾ ਅਤੇ ਸੁਣਨ ਦਾ ਅਨੂਠਾ ਤੇ ਅਗੰਮੀ ਸੁਆਦ ਹੈ। ਆਮ ਤੌਰ ਤੇ ਟਿਕੀ ਹੋਈ ਰਾਤ ਵਿਚ ਦੋਹੇ ਲਾਏ ਜਾਂਦੇ ਹਨ। ਦੋਹੇ ਗਾਉਣ ਨੂੰ ਦੋਹੇ ਲਾਉਣਾ ਆਖਿਆ ਜਾਂਦਾ ਹੈ। ਪੰਜਾਬ ਦੇ ਪਿੰਡਾਂ ਵਿਚ ਇਹਨਾਂ ਨੂੰ ਗਾਉਣ ਦੀ ਆਮ ਪਰੰਪਰਾ ਸੀ। ਤੜਕਸਰ ਔਰਤਾਂ ਨੇ ਚੱਕੀਆਂ ਝੋ ਦੇਣੀਆਂ, ਕੋਈ ਦੁੱਧ ਰਿੜਕਦੀ, ਮਰਦ ਤਾਰਿਆਂ ਦੀ ਛਾਵੇਂ ਹਲ਼ ਜੋੜ ਕੇ ਤੁਰ ਜਾਂਦੇ, ਕਿਧਰੇ ਹਲਟ ਚਲਦੇ। ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ/ਨਾਲ਼ ਇਕ ਅਨੂਠਾ ਰਾਗ ਉਤਪੰਨ ਹੋ ਜਾਣਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ-ਟਕ ਨਾਲ਼ ਤਾਲ ਦੇਂਦੇ ਹਾਲ਼ੀ ਅਤੇ ਨਾਕੀ ਵਜਦ ਵਿਚ ਆ ਕੇ ਦੋਹੇ ਲਾਉਣ ਲੱਗ ਜਾਂਦੇ। ਟਿਕੀ ਹੋਈ ਰਾਤ ’ਚ ਦੋਹਿਆਂ ਦੇ ਦਰਦੀਲੇ ਬੋਲਾਂ ਨਾਲ਼ ਵਿਸਮਾਦ ਭਰਪੂਰ ਸਮਾਂ ਬੰਨਿਆਂ ਜਾਣਾ। ਦੂਰੋਂ ਕਿਸੇ ਹੋਰ ਨਾਕੀ (ਨੱਕੇ ਛੱਡਣ ਵਾਲਾ) ਨੇ ਦੋਹਾ ਸੁਣ ਕੇ ਦੋਹੇ ਦਾ ਉੱਤਰ ਦੋਹੇ ਵਿਚ ਮੋੜਨਾ। ਸ਼ਾਂਤ ਵਾਤਾਵਰਣ ਵਿਚ ਬ੍ਰਿਹਾ ਦੀਆਂ ਕੂਲ੍ਹਾਂ ਵਹਿ ਟੁਰਨੀਆਂ। ਕਿਸੇ ਬ੍ਰਿਹਾ ਕੂਠੇ ਦੇ ਬੋਲ ਵਾਵਾਂ ਵਿਚ ਘੁਲ ਜਾਣੇ:-

ਕੱਲਰ ਦੀਵਾ ਮੱਚਦਾ
ਬਿਨ ਬੱਤੀ ਬਿਨ ਤੇਲ
ਨਹੀਂ ਰੱਬਾ ਚੱਕ ਲੈ
ਨਹੀਂ ਕਰਾ ਦੇ ਮੇਲ

59 / ਸ਼ਗਨਾਂ ਦੇ ਗੀਤ