ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅੱਗੋਂ ਕਿਸੇ ਹੋਰ ਨੇ ਦੋਹਾ ਲਾਉਣਾ:-
ਪੁਛ ਕੇ ਨਾ ਪੈਂਦੇ ਮਾਮਲੇ
ਨਿਹੁੰ ਨਾ ਲਗਦਾ ਜ਼ੋਰ
ਗੱਲਾਂ ਕਰਨ ਸੁਖਾਲੀਆਂ
ਔਖੇ ਪਾਲਣੇ ਬੋਲ
ਕਿਸੇ ਨੇ ਸੁਪਨੇ ਵਿਚ ਮਿਲੇ ਦਿਲਜਾਨੀ ਦੀ ਬਾਤ ਪਾਉਣੀ ਤੇ
ਸੁਪਨੇ ਨੂੰ ਸੁਲਤਾਨ ਦੀ ਉਪਾਧੀ ਦੇਦਿਆ ਦੋਹਾ ਲਾਉਣਾ:-
ਸੁਪਨਿਆਂ ਨੂੰ ਸੁਲਤਾਨ ਹੈਂ
ਉੱਤਮ ਤੇਰੀ ਜਾਤ
ਸੈ ਵਰਸਾਂ ਦੇ ਵਿਛੜੇ
ਆਣ ਮਲਾਵੇ ਰਾਤ
ਹੋਰ
ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਪਾ ਲਿਆ ਚਿੱਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇਕ
ਅੱਗੋਂ ਕਿਸੇ ਜੋਗੀ ਦਾ ਭੇਸ ਧਾਰ ਕੇ ਮਿਲ਼ਣ ਆਏ ਆਪਣੇ ਦਿਲ ਦੇ ਮਹਿਰਮ
ਨੂੰ ਯਾਦ ਕਰਨਾ
ਉੱਚਾ ਬੁਰਜ ਲਾਹੌਰ ਦਾ
ਕੋਈ ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰਕੇ ਭਗਵਾਂ ਭੇਸ
ਕਿੰਨੀ ਤੜਪ ਹੈ ਮਾਹੀ ਦੇ ਮਿਲਾਪ ਲਈ:-
ਉੱਚਾ ਬੁਰਜ ਲਾਹੌਰ ਦਾ
ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣ ਕੇ ਆ


ਇਸ਼ਕ ਕਮਾਉਣਾ ਤੇ ਨਿਭਾਉਣਾ ਹਾਰੀ ਸਾਰੀ ਦੇ ਵਸ ਦਾ ਰੋਗ ਨਹੀਂ। ਇਸ਼ਕ ਦੀ ਖੇਡ ਵਿਚ ਸਿਰ-ਧੜ ਦੀ ਬਾਜ਼ੀ ਲਾਉਣੀ ਪੈਂਦੀ ਹੈ। ਦਿਲ ਗੁਰਦੇ ਵਾਲ਼ੇ ਹੀ ਇਸ ਦਾ ਮੁਲ ਪਾਉਂਦੇ ਹਨ, ਕਾਇਰ ਤੇ ਕਮੀਨੇ ਲੋਕਾਂ ਨੇ ਭਲਾ ਇਸ਼ਕ ਮੁਸ਼ਕ ਦੀ ਸਾਰ ਕਿਥੋਂ ਲੈਣੀ ਹੋਈ:-

ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ

6੦/ਸ਼ਗਨਾਂ ਦੇ ਗੀਤ