ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਦੇਵੇਂ ਰੌਸ਼ਨੀ
ਇਕ ਦਿਨ ਜਾਣਾ ਗੁੱਲ ਹੋ

ਅਨੇਕਾਂ ਦੋਹਿਆਂ ਰਾਹੀਂ ਅਜੋਕੇ ਮਨੁੱਖ ਨੂੰ ਜੀਵਨ ਦੀਆਂ ਅਟੱਲ ਸਚਾਈਆਂ ਤੋਂ ਜਾਣੂੰ ਕਰਵਾਉਣ ਦਾ ਯਤਨ ਕੀਤਾ ਗਿਆ ਹੈ:-

ਅਕਲ ਬਿਨ ਰੂਪ ਖਰਾਬ ਹੈ
ਜਿਉਂ ਗੇਂਦੇ ਦੇ ਫੁੱਲ
ਬਾਲ਼ ਚਲੀ ਝੜ ਜਾਣਗੇ
ਕਿਨੇ ਨੀ ਲੈਣੇ ਮੁੱਲ

ਮਨੁੱਖ ਦੇ ਅਮੋੜ ਸੁਭਾਅ ਅਤੇ ਭੈੜੀਆਂ ਵਾਦੀਆਂ ਨੂੰ ਸੰਕੇਤਕ ਰੂਪ ਵਿਚ ਇਹ ਦੋਹਾ ਬਿਆਨ ਕਰਦਾ ਹੈ:-

ਕੜਕ ਨਾ ਜਾਂਦੀ ਕੁੱਪਿਓਂ
ਰਹਿੰਦੇ ਤੇਲ ਭਰੇ
ਕਿੱਕਰ ਜੰਡ ਕਰੀਰ ਨੂੰ
ਪਿਓਂਦ ਕੌਣ ਕਰੇ

ਇਸੇ ਭਾਵਨਾ ਦਾ ਇਕ ਹੋਰ ਦੋਹਾ ਹੈ:-

ਬੁਰਾ ਗ਼ਰੀਬ ਦਾ ਮਾਰਨਾ
ਬੁਰੀ ਗ਼ਰੀਬ ਦੀ ਹਾ
ਗਲ਼ੇ ਬੱਕਰੇ ਦੀ ਖਲ ਨਾ
ਲੋਹਾ ਭਸਮ ਹੋ ਜਾ

ਥਾਂ ਥਾਂ ਉਸਰੇ ਸੰਤਾਂ-ਬਾਬਿਆਂ ਦੇ ਗਿਆਨ ਵੰਡਦੇ ਅਖੌਤੀ ਡੇਰਿਆਂ ਤੇ ਵਿਅੰਗ ਕਸਦਾ ਹੈ ਇਹ ਦੋਹਾ:-

ਮੁੱਲਾਂ ਮਿਸਰ ਮਸ਼ਾਲਚੀ
ਤਿੰਨੇ ਇਕ ਸਮਾਨ
ਹੋਰਨਾਂ ਨੂੰ ਚਾਨਣ ਕਰਨ
ਆਪ ਹਨ੍ਹੇਰੇ ਜਾਣ

ਅਜੋਕਾ ਮਨੁੱਖ ਐਨੀਆਂ ਸੁਖ ਸਹੂਲਤਾਂ ਹੋਣ ਦੇ ਬਾਵਜੂਦ ਮਾਨਸਿਕ ਭਟਕਣਾ ਦਾ ਸ਼ਿਕਾਰ ਹੋ ਚੁੱਕਾ ਹੈ। ਕਿਧਰੇ ਸਬਰ ਸੰਤੋਖ ਨਹੀਂ । ਪੈਸਾ, ਧਨ ਦੌਲਤ ਅਤੇ ਸ਼ੁਹਰਤ ਦੀ ਹੋੜ ਲੱਗੀ ਹੋਈ ਹੈ, ਪਰੰਤੂ ਪੰਜਾਬ ਦਾ ਸਾਧਾਰਨ ਦੋਹਾਕਾਰ ਉਸ ਨੂੰ ਪੰਛੀਆਂ ਅਤੇ ਦਰਵੇਸ਼ਾਂ ਵਰਗਾ ਜੀਵਨ ਜੀਣ ਦਾ ਸੁਝਾਅ ਦੇਂਦਾ ਹੈ:-

ਪੱਲੇ ਰਿਜ਼ਕ ਨਾ ਬੰਨ੍ਹਦੇ
ਪੰਛੀ ਤੇ ਦਰਵੇਸ਼
ਜਿਨ੍ਹਾਂ ਤਕਵਾ ਰੱਬ ਦਾ
ਤਿਨ੍ਹਾਂ ਰਿਜ਼ਕ ਹਮੇਸ਼

62/ ਸ਼ਗਨਾਂ ਦੇ ਗੀਤ