ਘੋੜੀਆਂ
"ਘੋੜੀਆਂ" ਪੰਜਾਬੀ ਲੋਕ ਕਾਵਿ ਦਾ ਹਰਮਨ ਪਿਆਰਾ ਕਾਵਿ-ਰੂਪ ਹਨ। ਇਹ ਮੁੰਡੇ ਦੇ ਵਿਆਹ ਨਾਲ਼ ਸੰਬੰਧਿਤ ਵਖ-ਵਖ ਰਸਮਾਂ ਰੀਤਾਂ ਸਮੇਂ ਗਾਏ ਜਾਣ ਵਾਲ਼ੇ ਲੋਕ ਗੀਤ ਹਨ ਜਿਨ੍ਹਾਂ ਨੂੰ ਔਰਤਾਂ ਜੋਟੇ ਬਣਾਕੇ ਜਾਂ ਕਦੀ ਕਦੀ ਸਮੂਹਕ ਰੂਪ ਵਿਚ ਲੰਬੀ ਹੇਕ ਨਾਲ਼ ਗਾਉਂਦੀਆਂ ਹਨ। ਇਹਨਾਂ ਗੀਤਾਂ ਰਾਹੀਂ ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਓਥੇ ਵਿਆਂਹਦੜ ਮੁੰਡੇ ਦੇ ਬਾਪ-ਦਾਦੇ ਅਤੇ ਮਾਂ-ਦਾਦੀ ਆਦਿ ਨੇੜਲੇ ਸਾਕਾਂ ਨੂੰ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਮਧਕਾਲੀਨ ਸਮਿਆਂ ਵਿਚ ਪੰਜਾਬ ਵਿਚ ਆਉਣ ਜਾਣ ਦੇ ਸਾਧਨ ਜੋਖਮ ਭਰੇ ਸਨ। ਕੱਚੇ ਤੇ ਉਭੜੇ-ਖੁਭੜੇ ਰਾਹ ਕੋਈ ਸੜਕ ਨਹੀਂ, ਨਦੀਆਂ ਨਾਲੇ ਬਿਨਾਂ ਪੁਲਾਂ ਤੋਂ- ਰਾਹੀ ਜੰਗਲ ਬੀਆਬਾਨਾਂ 'ਚੋਂ ਲੰਘਦੇ ਡਰਦੇ ਸਨ- ਲੋਕ ਪੈਦਲ ਸਫਰ ਕਰਦੇ ਸਨ ਜਾਂ ਘੋੜੀਆਂ ਊਠਾਂ ਦੀ ਸਵਾਰੀ ਕਰਦੇ ਸਨ। ਉਹਨਾਂ ਦਿਨਾਂ ਵਿਚ ਬਰਾਤਾਂ ਸਜ-ਧਜ ਕੇ ਘੋੜੀਆਂ ਊਠਾਂ ਤੇ ਬੈਲ ਗੱਡੀਆਂ ਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹੁਣ ਜਾਂਦੀਆਂ ਸਨ। ਲਾੜੇ ਨੂੰ ਘੋੜੀ ਤੇ ਚੜ੍ਹਾਉਣ ਦੀ ਕੇਂਦਰੀ ਰਸਮ ਹੁੰਦੀ ਸੀ। ਇਸ ਰਸਮ ਸਮੇਂ ਜਿਹੜੇ ਗੀਤ ਗਾਏ ਜਾਂਦੇ ਸਨ ਉਹਨਾਂ ਦਾ ਨਾਂ ਘੋੜੀ ਦੇ ਨਾਂ ਤੇ "ਘੋੜੀਆਂ" ਪ੍ਰਚੱਲਤ ਹੋ ਗਿਆ। ਲਾੜੇ ਦੀ ਜੰਨ ਦੀ ਤਿਆਰੀ ਅਤੇ ਜੰਨ ਚੜ੍ਹਨ ਸਮੇਂ ਦੇ ਸ਼ਗਨਾਂ ਵੇਲ਼ੇ ਗਾਏ ਜਾਣ ਵਾਲੇ ਗੀਤਾਂ ਨੂੰ ਵੀ 'ਘੋੜੀਆਂ' ਹੀ ਆਖਦੇ ਹਨ।
ਪੁਰਾਤਨ ਸਮੇਂ ਤੋਂ ਹੀ ਪੁੱਤ ਵਾਲ਼ੇ ਘਰ 'ਘੋੜੀਆਂ' ਗਾਉਣ ਦੀ ਰੀਤ ਚਲੀ ਆ ਰਹੀ ਹੈ। 'ਘੋੜੀਆਂ' ਸੰਬੋਧਨੀ ਗੀਤ ਹਨ ਜਿਨ੍ਹਾਂ ਵਿਚ ਭੈਣਾਂ ਅਪਣੇ ਵੀਰਾਂ ਨੂੰ ਸੰਬੋਧਿਤ ਹੁੰਦੀਆਂ ਹਨ। ਇਨ੍ਹਾਂ ਗੀਤਾਂ ਵਿਚ ਭੈਣ ਵਲੋਂ ਅਪਣੇ ਲਾੜੇ ਭਰਾ ਦਾ ਜਸ ਗਾਇਨ ਹੀ ਨਹੀਂ ਕੀਤਾ ਜਾਂਦਾ ਬਲਕਿ ਉਸ ਪ੍ਰਤੀ ਅਪਣੇ ਪਿਆਰ- ਅਪਣੱਤ ਅਤੇ ਪਿਤਰੀ ਅਧਿਕਾਰ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ।
ਪੰਜਾਬੀ ਸਮਾਜ ਮੁਖ ਤੌਰ ’ਤੇ ਕਿਸਾਨੀ ਅਧਾਰਿਤ ਸਮਾਜ ਹੈ ਜਿਸ ਵਿਚ ਮੁੰਡੇ ਦੇ ਜਨਮ ਅਤੇ ਵਿਆਹ ਦੇ ਅਵਸਰ ਦੀ ਵਿਸ਼ੇਸ਼ ਮਹੱਤਤਾ ਹੈ- ਇਹ ਦੋਨੋਂ ਅਵਸਰ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਮਾਣਨ ਅਤੇ ਮਨਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਮੁੰਡੇ ਦੇ ਜਨਮ ਨਾਲ਼ ਜਿੱਥੇ ਪਰਿਵਾਰ ਦੀ ਵੇਲ ਵਧਦੀ ਹੈ ਓਥੇ ਵਿਆਹ ਨਾਲ਼ ਨਵੇਂ ਪਰਿਵਾਰ ਦਾ ਆਗਾਜ਼ ਹੁੰਦਾ ਹੈ- ਮੁੰਡੇ ਦੇ ਸਹੁਰੇ ਪਰਿਵਾਰ
ਨਾਲ਼ ਸਾਕਾਦਾਰੀ ਦੇ ਸੰਬੰਧ ਜੁੜਦੇ ਹਨ ਜਿਸ ਸਦਕਾ ਲਾੜੇ ਦੇ ਬਾਪ ਦਾਦੇ ਦਾ, ਅਪਣੇ ਭਾਈਚਾਰੇ ਵਿਚ, ਮਾਣ ਤਾਣ ਵਧਦਾ ਹੈ।
79/ ਸ਼ਗਨਾਂ ਦੇ ਗੀਤ