ਧੀ ਵਾਲ਼ਿਆਂ ਵੱਲੋਂ 11 ਜਾਂ 21 ਦਿਨ ਪਹਿਲਾਂ ਲਾੜੇ-ਪੁੱਤ ਵਾਲਿਆਂ ਦੇ
ਘਰ ‘ਸਾਹੇ ਚਿੱਠੀ ਭੇਜੀ ਜਾਂਦੀ ਹੈ। ਇਹ ਚਿੱਠੀ ਭਾਈਚਾਰਾ ਕੱਠਾ ਕਰਕੇ ਪੜ੍ਹੀ
ਜਾਂਦੀ ਹੈ ਜਿਸ ਵਿਚ ਧੀ ਵਾਲ਼ਿਆਂ ਵਲੋਂ ਵਿਆਹ ਦਾ ਦਿਨ ਨਿਸਚਿਤ ਕੀਤਾ
ਹੁੰਦਾ ਹੈ। ਇਸ ਚਿੱਠੀ ਦਾ ਸੁਆਗਤ ‘ਘੋੜੀਆਂ ਗਾ ਕੇ ਕੀਤਾ ਜਾਂਦਾ ਹੈ। ਇਸੇ
ਦਿਨ ਤੋਂ ਪੁੱਤ ਵਾਲ਼ੇ ਘਰ ਰਾਤ ਸਮੇਂ ਰੋਟੀ ਟੁੱਕ ਦਾ ਕੰਮ ਮੁਕਾ ਕੇ ਆਂਢ-ਗੁਆਂਢ
ਅਤੇ ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ ਭੱਠੀਆਂ ਹੋ ਕੇ ‘ਘੋੜੀਆਂ’ ਦੇ ਗੀਤ
ਗਾਉਣੇ ਆਰੰਭ ਦੇਂਦੀਆਂ ਹਨ ਤੇ ਇਹ ਰੀਤ ਵਿਆਹ ਦੇ ਅੰਤਲੇ ਦਿਨ ਤਕ
ਚਾਲੂ ਰਹਿੰਦੀ ਹੈ।
"ਸਾਹੇ ਚਿੱਠੀ" ਪੜ੍ਹਨ ਦੀ ਰਸਮ ਸਮੇਂ ਗਾਈਆਂ ਜਾਣ ਵਾਲ਼ੀਆਂ ‘ਘੋੜੀਆਂ
ਵਿਚ ਭੈਣ ਜਿੱਥੇ ਸੁੱਖਾਂ ਲੱਧੜੇ ਵੀਰ ਨੂੰ ਮਿਥ ਨਾਇਕਾ ਰਾਧਾ ਅਤੇ ਸੀਤਾ ਵਰਗੀ
ਸੁੰਦਰ ਭਾਬੋ ਵਿਆਹ ਕੇ ਲਿਆਉਣ ਲਈ ਸਰਾਹੁੰਦੀ ਹੈ ਓਥੇ ਉਹ ਉਸ ਨੂੰ ਆਪਣੀ ਮਾਂ,
ਦਾਦੀ, ਨਾਨੀ, ਭੁਆਂ ਅਤੇ ਭੈਣ ਨੂੰ ਨਾ ਵਿਸਾਰਨ ਦੀ ਚਿਤਾਵਨੀ ਵੀ
ਦੇਂਦੀ ਹੈ। ਉਸ ਦੇ ਅਚੇਤ ਮਨ ਵਿਚ ਇਹ ਡਰ ਵਸਿਆ ਹੋਇਆ ਹੈ ਮਤੇ ਉਸ
ਦਾ ਵੀਰ ਅਪਣੀ ਨਵੀਂ-ਨਵੇਲੀ ਨਾਜੋ ਦੇ ਪ੍ਰਭਾਵ ਸਦਕਾ ਉਹਨਾਂ ਨੂੰ ਵਿਸਾਰ
ਦੇਵੇ। ਉਹ ਉਹਨਾਂ ਦੀ ਕੀਰਤੀ ਯਾਦ ਕਰਵਾਉਂਦੀ ਹੈ:-
ਕੋਰੇ ਕੋਰੇ ਕਰੂਏ ਦੁਧ ਦਹੀਂ ਵੇ ਜਮਾਵਾਂ
ਸੁਖ ਲੱਧੜਿਆ ਵੀਰਾ
ਮਾਂ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲੱਧੜਿਆ ਵੀਰਾ
ਨਾਨੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁਧ ਦਹੀਂ ਵੇ ਜਮਾਵਾਂ
ਸੁਖ ਲੱਧੜਿਆ ਵੀਰਾ
ਦਾਈ ਤੇਰੀ ਨੇ ਜਨਮ ਸਧਾਇਆ ਲਾਲ ਵੇ
ਭੈਣ ਉਸ ਨੂੰ ਬਚਪਨ ਦੇ ਉਹ ਦਿਨ ਵੀ ਯਾਦ ਕਰਵਾਉਂਦੀ ਹੈ ਜਦੋਂ ਭੂਆਂ
ਤੇ ਭੈਣ ਉਸ ਨੂੰ ਲਾਡ ਲਡਾਉਂਦੀਆਂ ਸਨ:-
ਧੰਨ ਧੰਨ ਵੇ ਵੀਰਾ ਮਾਂ ਤੇਰੀ
ਜਿਨ੍ਹਾਂ ਨੂੰ ਕੁੱਖ ਨਮਾਇਆ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
ਧੰਨ ਧੰਨ ਵੇ ਵੀਰਾ ਦਾਦੀ ਤੇਰੀ
ਜੀਹਨੇ ਤੇਰਾ ਜਨਮ ਸਧਾਇਆ ਵੇ
80/ਸ਼ਗਨਾਂ ਦੇ ਗੀਤ