ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੋਹਣਿਆਂ ਤੇਰੇ ਸਾਢੇ ਨੂੰ ਜੜੀਆਂ ਵੇ
ਜੜੀਆਂ ਜੜੀਆਂ ਵੇ ਵੀਰਨਾ
ਤੇਰੇ ਕੁੜਤੇ ਨੂੰ ਜੜੀਆ ਵੇ
ਵੀਰ ਦੀ ਦਿੱਖ ਨੂੰ ਲਿਸ਼ਕਾ ਕੇ ਭੈਣ ਹੁਣ ਆਪਣੀਆਂ ਸਹੇਲੀਆਂ ਨੂੰ ਸ਼ਗਨ
ਮਨਾਉਣ ਦਾ ਸੱਦਾ ਦੇਂਦੀ ਹੈ:-
ਆਓ ਸਈਓ ਨੀ ਰਲ਼ ਮਿਲ਼ ਆਓ ਸਈਓ
ਵੀਰੇ ਦੇ ਸ਼ਗਨ ਮਨਾ ਲਈਏ
ਭਾਈਆਂ ਦੇ ਵਿਚ ਵੀਰਾਂ ਐਂ ਸਜੇ
ਜਿਵੇਂ ਚੰਦ ਸਜੇ ਵਿਚ ਤਾਰਿਆਂ ਦੇ
ਕੱਪੜੇ ਵੀਰ ਦੇ ਕੇਸਰ ਰੰਗੇ
ਜੁਤੀ ਜੜੀ ਐ ਨਾਲ਼ ਸਤਾਰਿਆਂ ਦੇ
ਵਿਆਹ ਵਿਚ ਚੰਗੀ ਨਸਲ ਦੀ ਘੋੜੀ ਹੀ ਫਵਦੀ ਹੈ, ਉਹਦਾ ਚੌਧਰੀ
ਬਾਬਾ ਜਮਨਾ ਪਾਰ ਤੋਂ ਛਾਂਟਵੇਂ ਸਰੀਰ ਵਾਲ਼ੀ ਘੋੜੀ ਖਰੀਦ ਕੇ ਲਿਆਵੇਗਾ ਜਿਸ
ਨਾਲ਼ ਵਿਆਹ ਸਮਾਗਮਾਂ ’ਚ ਰੌਣਕ ਵਧੇਗੀ:-
ਘੋੜੀਆਂ ਵਕੇਂਦੀਆਂ ਵੀਰਾ ਜਮਨਾਂ ਤੋਂ ਪਾਰ ਵੇ
ਬਾਬਾ ਤੇਰਾ ਚੌਧਰੀ ਘੋੜੀ ਲਿਆ ਦਿਉ ਅੱਜ ਦੇ
ਘੋੜੀਆਂ ਸੰਜੋਗੀਆਂ ਨੂੰ ਮੰਗ ਵੇ
ਬਾਬਲ ਤੇਰਾ ਚਾਵਲਾ ਘੋੜੀ ਲਿਆ ਦਿਉ ਅੱਜ ਵੇ
ਵੀਰ ਲਈ ਲਿਆਂਦੀ ਘੋੜੀ ਦਾ ਉਹ ਪੂਰਾ ਖਿਆਲ ਰਖਦੀ ਹੈ:-
ਚੱਪੇ ਚੱਪੇ ਵੀਰਾ ਖੂਹ ਵੇ ਲਵਾਉਂਨੀ ਆਂ
ਘੋੜੀ ਤੇਰੀ ਨੂੰ ਵੀ ਜਲ ਵੇ ਛਕਾਉਨੀ ਆਂ
ਘੋੜੀ ਟੱਪੇ ਟੋਪੇ ਮਹਿਲੀਂ ਧਮਕ ਪਵੇ

ਚੱਪੇ ਚੱਪੇ ਵੀਰਾਂ ਚੱਕੀ ਵੀ ਲਗਾਉਨੀ ਆਂ
ਘੋੜੀ ਤੇਰੀ ਨੂੰ ਦਾਣਾ ਵੇ ਦਲਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ
ਲਾੜੇ ਦੇ ਘੋੜੀ ਚੜ੍ਹਨ ਸਮੇਂ ਭੈਣਾਂ ਜਿੱਥੇ ਘੋੜੀ ਦੀਆਂ ਸਿਫਤਾਂ ਕਰਦੀਆਂ
ਹਨ ਓਥੇ ਉਸ ਨੂੰ ਗੋਰੀ ਭਾਬੋ ਵਿਆਹ ਕੇ ਲਿਆਉਣ ਦੀ ਸਧਰ ਵੀ ਜ਼ਾਹਰ
ਕਰਦੀਆਂ ਹਨ:-
ਵੀਰਾ ਤੇਰੀ ਘੋੜੀ ਵੇ
ਘੁੰਗਰੂਆਂ ਦੀ ਜੋੜੀ ਵੇ
ਤੂੰ ਭਾਬੋ ਲਿਆਈਂ ਗੋਰੀ ਵੇ
ਜੇ ਗੋਰੀ ਨਾਜੋ ਪਤਲੀ ਪਤੰਗ ਹੋਵੇ ਤੇ ਨਾਲ਼ ਹੀ ਸੱਗੀਆਂ ਨਾਲ਼ ਸ਼ਿੰਗਾਰੀ
ਹੋਵੇ ਤਾਂ ਉਸ ਦੇ ਰੂਪ ਨੇ ਤਾਂ ਫਬਣਾ ਹੀ ਹੈ:-

86/ਸ਼ਗਨਾਂ ਦੇ ਗੀਤ