ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/89

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ




ਕੇਹੀ ਸੋਹਣੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਖ਼ੁਸ਼ੀਆਂ ਨਾਲ਼ ਮਖਮੂਰ ਹੋਈ ਭੈਣ ਅਪਣੇ ਵੀਰ ਨੂੰ ਮਿਥ ਨਾਇਕ ਕਾਹਨ
ਨਾਲ਼ ਮੇਚ ਕੇ ਅਪਣੀ ਪਰਿਵਾਰਕ ਵਡੱਤਣ ਦਾ ਪ੍ਰਗਟਾਵਾ ਕਰਦੀ ਹੈ:-
ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ
ਜਿਉਂ ਤਾਰਿਆਂ ਦੇ ਵਿਚ ਚੰਦ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ

ਘੋੜੀ ਚੜ੍ਹਿਆ ਦਾਦੇ ਦਾ ਪੋਤਾ ਵੇ
ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ
ਘੋੜੀ ਚੜ੍ਹਿਆ ਭੈਣ ਦਾ ਭਾਈ ਐ ਵੇ
ਜਿਉਂ ਸੌਹਰੇ ਘਰ ਜਮਾਈ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ ਵੇ ਵੀਰਾ ਮੱਥੇ ਚੌਰ ਝੂਲੇ
ਮਾਂ ਦਾਦੀ ਲਈ ਪੁੱਤ ਪੋਤੇ ਦੇ ਵਿਆਹ ਦਾ ਦਿਨ ਸੁਲੱਖਣਾ ਅਤੇ ਨਾ
ਭੁੱਲਣ ਵਾਲ਼ਾ ਹੁੰਦਾ ਹੈ ਉਹ ਚਾਈਂ ਚਾਈਂ ਸ਼ਗਨ ਮਨਾਉਂਦੀਆਂ ਹਨ:-

ਹਰੇ ਹਰੇ ਜੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਨ ਚੜ੍ਹੇ
ਦਾਦੀ ਸੁਪਤੀ ਤੇਰੇ ਸ਼ਗਨ ਕਰੇ

ਹਰੇ ਹਰੇ ਜੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਬਾਪ ਤੇਰਾ ਤੇਰੀ ਜੰਨ ਚੜ੍ਹੇ
ਮਾਂ ਸੁਪੱਤੀ ਤੇਰੇ ਸ਼ਗਨ ਕਰੇ
ਭਾਗਾਂ ਵਾਲ਼ਿਆਂ ਦੇ ਘਰ ਹੀ ਸੁਲਖਣੇ ਦਿਨ ਆਉਂਦੇ ਹਨ। ਗੀਤ ਦੇ ਬੋਲ ਹਨ:-

89 / ਸ਼ਗਨਾਂ ਦੇ ਗੀਤ