ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਮਨਾਵੇ

ਅਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ
ਮਾਮੀ ਸ਼ਗਨ ਮਨਾਵੇ

ਅਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲ਼ਿਆਂ ਦੇ ਆਵੇ
ਵੀਰਾ ਜੀਜੇ ਦੇ ਮਨ ਚਾਅ
ਭੈਣ ਸ਼ਗਨ ਮਨਾਵੇ
ਜੰਨ ਚੜ੍ਹਨ ਤੋਂ ਪਹਿਲਾਂ ਦੇ ਸ਼ਗਨ ਮਨਾ ਕੇ ਲਾੜਾ ਖੇੜੇ ਨੂੰ ਨਮਸਕਾਰ
ਕਰਕੇ ਜੰਜ ਚੜ੍ਹ ਜਾਂਦਾ ਹੈ ਤੇ ਖੇੜਾ ਉਸ ਨੂੰ ਅਸੀਸਾਂ ਦੇਂਦਾ ਹੈ:-
ਵੀਰ ਵਿਆਹੁਣ ਚੱਲਿਆ
ਖੇੜੇ ਨੂੰ ਕਰੇ ਸਲਾਮ
ਸਿਹਰੇ ਗੁੰਦੋ ਨੀ ਗੁੰਦ ਲਿਆਓ
ਮਾਲਣ ਸੋਹੀੜੇ
ਖੇੜੇ ਨੇ ਸੀਸਾਂ ਦਿੱਤੀਆਂ
ਤੇਰਾ ਜੀਵੇ ਬਰਖੁਰਦਾਰ
ਸਿਹਰੇ ਗੁੰਦੋ ਨੀ ਗੁੰਦ ਲਿਆਓ
ਮਾਲਣ ਸੇਹੀੜੇ
ਭੈਣਾਂ ਡੋਲ਼ੀ ਦੀ ਉਡੀਕ ਬੜੇ ਚਾਵਾਂ ਮਲ੍ਹਾਰਾਂ ਨਾਲ਼ ਕਰਦੀਆਂ ਹਨ। ਵੀਰ 
ਰੱਤਾ ਡੋਲ਼ਾ ਲੈ ਕੇ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਹਦੀ ਸੁਹਾਗਣ ਮਾਂ 
ਸ਼ੁੱਭ ਸ਼ਗਨਾਂ ਨਾਲ਼ ਉਹਨਾਂ ਦੀ ਆਰਤੀ ਉਤਾਰਦੀ ਹੈ। ਇਸ ਸਮੇਂ ਸਾਰੇ ਵਾਤਾਵਰਣ 
ਵਿਚ ਖ਼ੁਸ਼ੀਆਂ ਦੀਆਂ ਫੁਆਰਾਂ ਵਹਿ ਤੁਰਦੀਆਂ ਹਨ:-
ਨਿੱਕੀ ਨਿੱਕੀ ਬੂੰਦਾਂ ਨਕਿਆਂ ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿਕਿਆ
ਦੰਮਾਂ ਦੀ ਬੋਰੀ ਡੇਰਾ ਬਾਬਾ ਫੜੇ
ਭੈਣ ਸੁਹਾਗਣ ਤੇਰੀ ਬਾਗ ਫੜੇ ਵੇ ਨਿਕਿਆ

90 / ਸ਼ਗਨਾਂ ਦੇ ਗੀਤ