ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਯਾਦ ਆ ਮੈਨੂੰ ਮੁਕਤਸਰ ਦੇ ਬੀ.ਐੱਡ. ਕਾਲਜ ਵਿੱਚ ਐਡਮੀਸ਼ਨ ਮਿਲੀ। ਮੈਨੂੰ ਉਹ ਕਾਲਜ ਬਿਲਕੁਲ ਪਸੰਦ ਨਹੀਂ ਸੀ। ਮੇਰਾ ਮਨ ਹੀ ਨਹੀਂ ਸੀ ਲੱਗਦਾ ਉਸ ਕਾਲਜ ਵਿੱਚ। ਮੈਂ ਬੀ.ਐੱਡ. ਹਫ਼ਤੇ ਕੁ ਬਾਅਦ ਹੀ ਛੱਡਣ ਦਾ ਫੈਸਲਾ ਕਰ ਲਿਆ। ਮੰਗਲ ਭਾਅ ਜੀ ਕੋਲ ਗਿਆ। ਉਨ੍ਹਾਂ ਨੂੰ ਆਪਣੇ ਫੈਸਲੇ ਬਾਰੇ ਦੱਸਿਆ। ਮੈਂ ਦਿਲੋਂ ਚਾਹੁੰਦਾ ਸੀ ਕਿ ਭਾਅ ਜੀ ਮੇਰੇ ਫੈਸਲੇ ਨੂੰ ਬਿਲਕੁਲ ਠੀਕ ਕਰਾਰ ਦੇਣ ਪਰ ਹੋਇਆ ਉਲਟ। ਉਨ੍ਹਾਂ ਮੈਨੂੰ ਕਾਲਜ ਨਾ ਛੱਡਣ ਬਾਰੇ ਸਮਝਾਇਆ ਪਰ ਮੈਂ ਆਪਣੇ ਫੈਸਲੇ 'ਤੇ ਦ੍ਰਿੜ ਸਾਂ। ਮੈਂ ਆਪਣੇ ਵੱਲੋਂ ਤਰਕ ਦੇ ਰਿਹਾ ਸਾਂ। ਉਨ੍ਹਾਂ ਮੇਰੇ ਸਭ ਤਰਕਾਂ ਦਾ ਤਰਕ ਨਾਲ ਜਵਾਬ ਦਿੱਤਾ। ਅਖੀਰ ਜਦ ਮੈਂ ਨਾ ਮੰਨਿਆਂ ਤਾਂ ਬੜੇ ਸਹਿਜ ਤੇ ਪਿਆਰ ਨਾਲ ਕਿਹਾ ਕਿ ਜੇ ਤੂੰ ਬੀ.ਐੱਡ. ਛੱਡਣੀ ਹੈ ਤਾਂ ਫੇਰ ਮੇਰੇ ਕੋਲ ਕਦੀ ਨਾ ਆਵੀਂ। ਮੈਨੂੰ ਇਕਦਮ ਝਟਕਾ ਜਿਹਾ ਲੱਗਿਆ ਪਰ ਮੈਂ ਕੁੱਝ ਨਾ ਬੋਲਿਆ ਤੇ ਅਗਲੇ ਦਿਨ ਕਾਲਜ ਪਹੁੰਚ ਗਿਆ। ਫੇਰ ਪਤਾ ਨਹੀਂ ਕੀ ਕ੍ਰਿਸ਼ਮਾਂ ਵਾਪਰਿਆ ਕਿ ਕਾਲਜ ਐਨਾ ਮਨ ਲੱਗਿਆ ਕਿ ਕਾਲਜ ਛੱਡਣ ਨੂੰ ਜੀਅ ਨਾ ਕਰੇ, ਸੱਚੀ ਗੱਲ ਤਾਂ ਇਹ ਹੈ ਕਿ ਮੇਰੀ ਸਮੁੱਚੀ ਕਾਲਜ ਜ਼ਿੰਦਗੀ 'ਚੋਂ ਸਭ ਤੋਂ ਬਿਹਤਰੀਨ ਤੇ ਯਾਦਗਰ ਪਲ ਇਸ ਬੀ.ਐੱਡ. ਕਾਲਜ ਦੇ ਹੀ ਹਨ, ਜਿਸ ਨੂੰ ਪੜ੍ਹਾਈ ਪੂਰੀ ਹੋਣ ਉਪਰੰਤ ਛੱਡਣ ਲੱਗਿਆਂ ਬੜਾ ਰੋਇਆ ਸਾਂ। ਅੱਜ ਸੋਚਦਾਂ ਜੇ ਉਸ ਵਕਤ ਭਾਅ ਜੀ ਮੇਰੀ ਹਾਂ 'ਚ ਹਾਂ ਮਿਲਾ ਦਿੰਦੇ ਤਾਂ ਮੇਰਾ ਭਵਿੱਖ ਪਤਾ ਨਹੀਂ ਕਿਹੋ ਜਿਹਾ ਹੋਣਾ ਸੀ। ਅੱਜ ਉਸੇ ਬੀ.ਐੱਡ. ਸਦਕਾ ਮੈਂ ਸਰਕਾਰੀ ਨੌਕਰੀ 'ਚ ਹਾਂ ਤੇ ਖ਼ੂਬਸੂਰਤ ਜ਼ਿੰਦਗੀ ਬਸਰ ਕਰ ਰਿਹਾਂ ਤੇ ਨਾਲ਼-ਨਾਲ਼ ਥੀਏਟਰ ਕਰਕੇ ਆਪਣੇ ਸ਼ੌਕ ਨੂੰ ਜੀਵਤ ਰੱਖ ਰਿਹਾ।

ਮੈਂ ਕਾਫ਼ੀ ਸਮਾਂ ਭਾਅ ਜੀ ਨਾਲ਼ ਗੁਜ਼ਾਰਿਆ ਪਰ ਕਦੀ ਉਨ੍ਹਾਂ ਨੂੰ ਗੁੱਸੇ ਹੁੰਦਿਆਂ ਨਹੀਂ ਦੇਖਿਆ। ਮੈਂ ਹਮੇਸ਼ਾਂ ਸੋਚਦਾ ਕਿ ਭਾਅ ਜੀ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਨੇ, ਕਿਸੇ ਦੀ ਗੱਲ 'ਤੇ ਕੋਈ ਗਿਲਾ-ਸ਼ਿਕਵਾ ਹੀ ਨਹੀਂ। ਹਮੇਸ਼ਾ ਹੱਸਦੇ ਰਹਿਣਾ। ਕਦੇ ਭੈਣ ਜੀ ਨੇ ਗੁੱਸੇ ਹੋਣਾ ਤਾਂ ਉਨ੍ਹਾਂ ਅੱਗੋਂ ਹੱਸ ਕੇ ਕੋਈ ਸ਼ਾਇਰਾਨਾ ਗੱਲ ਕਹਿਣੀ ਤੇ ਭੈਣ ਜੀ ਦਾ ਗੁੱਸਾ ਵੀ ਖ਼ਤਮ ਹੋ ਜਾਣਾ। ਸ਼ਾਇਦ ਉਨ੍ਹਾਂ ਦੇ ਇਸ ਹੱਸਮੁਖ ਤੇ ਮਿਲਾਪੜੇ ਸੁਭਾਅ ਸਦਕਾ ਉਨ੍ਹਾਂ ਦੇ ਦੋਸਤਾਂ ਦਾ ਘੇਰਾ ਬੜਾ ਵਿਸ਼ਾਲ ਸੀ। ਗ਼ਰੀਬ ਤੋਂ ਗ਼ਰੀਬ, ਅਮੀਰ ਤੋਂ ਅਮੀਰ, ਅਨਪੜ੍ਹ ਵੀ ਤੇ ਸੂਝਵਾਨ ਵੀ, ਨਿੱਕੇ ਕਲਾਕਾਰ ਤੋਂ ਵੱਡੇ ਕਲਾਕਾਰ ਤੱਕ-ਸਭ ਉਨ੍ਹਾਂ ਦੇ ਦੋਸਤ ਸਨ। ਉਨ੍ਹਾਂ ਦਾ ਘਰ ਤੇ ਦੁਕਾਨ ਕਲਾਕਾਰਾਂ ਲਈ ਮੱਕਾ ਹੀ ਸੀ। ਉਨ੍ਹਾਂ ਦੇ ਤੁਰ ਜਾਣ ਬਾਅਦ ਬੇਸ਼ੱਕ ਮੱਕੇ 'ਤੇ ਰੌਣਕ ਘੱਟ ਗਈ ਹੈ ਪਰ ਉਨ੍ਹਾਂ ਦੀ ਯਾਦ ਹਰ ਦਿਲ ਵਿੱਚ ਵੱਸ ਗਈ ਹੈ। ਹਰ ਕੋਈ ਹਰ ਰੋਜ਼ ਉਨ੍ਹਾਂ ਨੂੰ ਦਿਲੋਂ ਸਿੱਜਦੇ ਕਰਦਾ ਹੈ।

"'ਕੀਰਤੀ ਕਿਰਪਾਲ
"'(ਨਾਟ-ਨਿਰਦੇਸ਼ਕ)"'