ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜਾ ਰੋਇਆ ਸੀ ਦਿਲ ਮੇਰਾ...

ਕੁਝ ਲੋਕ ਏਨੇ ਖੂਬਸੂਰਤ ਹੁੰਦੇ ਹਨ ਕਿ ਉਹ ਦੁਨੀਆਂ ਤੋਂ ਜਾ ਕੇ ਹਮੇਸ਼ਾ ਤੁਹਾਡੇ ਅੰਗਸੰਗ ਰਹਿੰਦੇ ਨੇ। ਮਹਿਕਾਂ ਵਾਂਗ ਹਮੇਸ਼ਾ ਤੁਹਾਡੇ ਨਾਲ-ਨਾਲ ਰਹਿੰਦੇ ਨੇ, ਆਪਣੇ ਗੁਣਾਂ ਕਰਕੇ, ਆਪਣੀ ਮੁਹੱਬਤ ਤੇ ਆਪਣੇ ਮੋਹ ਭਰੇ ਬੋਲਾਂ ਕਰਕੇ। ਇੰਨਬਿੰਨ ਏਦਾਂ ਦਾ ਹੀ ਇੱਕ ਬਹੁਤ ਹੀ ਪਿਆਰਾ ਸ਼ਖ਼ਸ ਸੀ-ਮੰਗਲ, ਜਿਸਨੂੰ ਸਾਹਿਤਕ ਹਲਕਿਆਂ ਵਿੱਚ ਮੰਗਲ ਮਦਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਏਨੀਆਂ ਸੋਹਣੀਆਂ ਤੇ ਬੜੇ ਹੀ ਖੂਬਸੂਰਤ ਗੀਤ ਕਹਿਣ ਵਾਲਾ ਤੇ ਬਹੁਤ ਹੀ ਮੁਹੱਬਤੀ ਇਨਸਾਨ ਮੰਗਲ ਮਦਾਨ ਸਾਨੂੰ ਏਨੀ ਜਲਦੀ ਛੱਡਕੇ ਕਿਸੇ ਹੋਰ ਦੁਨੀਆਂ ਦਾ ਵਾਸੀ ਹੋ ਜਾਵੇਗਾ, ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਮੰਗਲ ਨੇ ਇਹ ਗਜ਼ਲ:

ਬੜਾ ਰੋਇਆ ਸੀ ਦਿਲ ਮੇਰਾ
ਤੇਰੇ ਤੁਰ ਜਾਣ ਦੇ ਮਗਰੋਂ।

ਪਤਾ ਨਹੀਂ ਕਿੰਨ੍ਹਾਂ ਹਲਾਤਾਂ ਵਿੱਚ ਲਿਖੀ ਹੋਵੇਗੀ ਪਰ ਉਸਦੇ ਤੁਰ ਜਾਣ ਤੋਂ ਮਗਰੋਂ ਉਹ ਕਿਹੜਾ ਮਿੱਤਰ ਸੀ ਜਾਂ ਕੋਈ ਉਸਦਾ ਪਾਠਕ ਸੀ ਕਿ ਜਿਸਦੀ ਅੱਖ ਨਮ ਨਾ ਹੋਈ ਹੋਵੇ। ਉਸਦੇ ਤੁਰ ਜਾਣ ਬਾਅਦ ਸ਼ਬਦਾਂ ਦੇ ਸੁਰਾਂ ਨਾਲ ਜੁੜਿਆ ਹਰ ਸ਼ਖ਼ਸ ਰੋਏ ਬਿਨਾ ਨਹੀਂ ਰਹਿ ਸਕਿਆ।

ਨਿੱਤ ਦਿਹਾੜੇ ਦੁਨੀਆਂ 'ਚੋਂ ਹਜ਼ਾਰਾਂ ਹੀ ਲੋਕ ਚਲਦੇ ਬਣਦੇ ਨੇ ਪਰ ਜਦੋਂ ਮੌਤ-ਰਾਣੀ ਮੰਗਲ ਵਰਗੇ ਟਹਿਕਦੇ ਗੁਲਾਬ ਨੂੰ ਤੋੜਦੀ ਹੈ ਤਾਂ ਸੱਚ ਜਾਣਿਉਂ ਉਦੋਂ ਗਲੀਆਂ ਦੇ ਕੱਖ ਵੀ ਧਾਹਾਂ ਮਾਰਕੇ ਰੋਂਦੇ ਨੇ।

ਮੰਗਲ ਦਾ ਜੋਬਨ ਰੁੱਤੇ ਤੁਰਨਾ ਸਾਡੇ ਸਾਰਿਆਂ ਲਈ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਹਾਦਸਾ ਸੀ ਪਰ ਬਸ਼ੀਰ ਬਦਰ ਦਾ ਇਹ ਸ਼ੇਅਰ ਹੌਸਲਾ ਵੀ ਦਿੰਦਾ ਰਿਹਾ:

ਵੋ ਆਪਣੇ ਘਰ ਚਲਾ ਗਯਾ,
ਅਫ਼ਸੋਸ ਮਤ ਕਰੋ।
ਇਤਨਾ ਹੀ ਉਸਕਾ ਸਾਥ ਥਾ,
ਅਫ਼ਸੋਸ ਮਤ ਕਰੋ।