ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਾਹੀਆ ਵੇ......

ਮੰਗਲ ਦੇ ਇਹ ਗੀਤ ਜਦੋਂ ਮੈਂ ਕਾਲਿਜ ਦੀ ਸਟੇਜ 'ਤੇ ਗਾਉਂਦਾ ਤਾਂ ਇਉਂ ਲੱਗਦਾ ਜਿਵੇਂ ਸਾਰਾ ਹੀ ਕਾਲਿਜ ਝੂੰਮਣ ਲੱਗ ਪਿਆ ਹੋਵੇ। ਵਿਦਿਆਰਥੀ/ਵਿਦਿਆਰਥਣਾਂ ਦੀ ਗੱਲ ਤਾਂ ਦੂਰ ਰਹੀ ਸਾਡੇ ਪ੍ਰਿੰਸੀਪਲ ਸਾਹਿਬ, ਪ੍ਰੋ: ਲੋਕਨਾਥ, ਪ੍ਰੋ: ਜਗੀਰ ਸਿੰਘ ਕਾਹਲੋਂ, ਮੈਡਮ ਰਾਜਬੀਰ ਕੌਰ ਤੇ ਹੋਰ ਟੀਚਰ ਵੀ ਇਹਨਾਂ ਗੀਤਾਂ ਨਾਲ ਝੂੰਮਦੇ ਮੈਂ ਖ਼ੁਦ ਤੱਕੇ। ਜਦੋਂ ਵੀ ਮਿੱਤਰਾਂ ਦੀ ਫਰਮਾਇਸ਼ ਤੇ ਮੈਂ ਮੰਗਲ ਦਾ ਕੋਈ ਵੀ ਗੀਤ ਛੇੜਦਾ ਤਾਂ ਮੈਨੂੰ ਲੱਗਦਾ ਜਿਵੇਂ ਮੰਗਲ ਵੀ ਮੇਰੇ ਨਾਲ-ਨਾਲ ਤੁਰਦਾ ਹੋਵੇ।

ਹੋਟਲ ਵਿੱਚ ਖੜ੍ਹੇ-ਖੜ੍ਹੇ ਨੇ ਮੈਂ ਮੰਗਲ ਭਾਅ ਨੂੰ ਦੱਸਿਆ ਕਿ ਮੈਂ ਤਾਂ ਤੁਹਾਡਾ ਬਹੁਤ ਵੱਡਾ ਫੈਨ ਹਾਂ। ਸਾਰੀ ਕਹਾਣੀ ਬਿਆਨ ਕੀਤੀ ਤਾਂ ਮੰਗਲ ਨੇ ਮੈਨੂੰ ਫਿਰ ਆਪਣੀ ਨਿੱਘੀ ਗਲਵੱਕੜੀ ਵਿੱਚ ਭਰ ਲਿਆ। ਮੈਨੂੰ ਉਸ ਵਕਤ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ 'ਸੱਚੇ-ਸੁੱਚੇ ਸ਼ਬਦਾਂ' ਨੇ ਮੈਨੂੰ ਆਪਣੇ ਕਲਾਵੇ ਵਿੱਚ ਭਰ ਲਿਆ ਹੋਵੇ। ਉਸ ਤੋਂ ਬਾਅਦ ਹੋਰ ਵੀ ਬਹੁਤ ਖੂਬਸੂਰਤ ਗੱਲਾਂ ਹੁੰਦੀਆਂ ਰਹੀਆਂ। ਸ਼ਹਿਰ ਵੀ ਸਾਡੇ ਨਾਲੋਂ ਨਾਲ ਹੀ ਸਨ, ਮੰਗਲ ਹੁਰੀਂ ਮਲੋਟ ਤੇ ਮੈਂ ਮੁਕਤਸਰ। ਸਿਰਫ਼ 30-32 ਕਿਲੋਮੀਟਰ ਦੀ ਦੂਰੀ।

ਮੰਗਲ ਭਾਅ ਦੀ ਮੁਹੱਬਤ ਨਾਲ ਜੁੜਿਆ ਇੱਕ ਹੋਰ ਦ੍ਰਿਸ਼ ਯਾਦ ਆਉਂਦਾ ਹੈ। ਸਾਡੇ ਸ਼ਹਿਰ ਮੁਕਤਸਰ ਵਿੱਚ ਪ੍ਰੋ: ਜਗਦੀਸ਼ ਗਰਗ ਵੱਲੋਂ ਪਾਇਲ ਥੀਏਟਰ ਵਿੱਚ ਨਾਟਕ-ਮੇਲਾ ਤੇ ਗੀਤ-ਸੰਗੀਤ ਪ੍ਰੋਗਰਾਮ ਰੱਖਿਆ ਸੀ। ਉਸ ਬਾਰੇ ਪ੍ਰੋਗਰਾਮ ਵਿੱਚ ਸਾਨੂੰ ਗਿਟਾਰ ਵਾਲੇ ਸਾਜ਼ਿੰਦੇ ਦੀ ਸ਼ਖ਼ਤ ਜ਼ਰੂਰਤ ਸੀ। ਉਦੋਂ ਨੇੜੇ-ਤੇੜੇ ਗਿਟਾਰ ਦੇ ਮਾਹਿਰ ਹਰਦੇਵ ਭਾਅ ਜੀ ਹੀ ਸਨ, ਜਿਹੜੇ ਮਲੋਟ ਹੀ ਰਹਿੰਦੇ ਸਨ।

ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ। ਮੈਂ ਤੇ ਨੈਬੀ ਬੱਸ ਚੜ੍ਹੇ ਤੇ ਜਾ ਵੱਜੇ ਮਲੋਟ, ਸਿੱਧਾ ਹਰਦੇਵ ਹੁਰਾਂ ਦੇ ਘਰ। ਅਗਾਹਾਂ ਹਰਦੇਵ ਭਾ ਦੇ ਘਰ ਪੂਰੀ ਮਹਿਫ਼ਿਲ ਭਖੀ ਹੋਈ ਸੀ। ਹਾਕਮ ਸੂਫ਼ੀ, ਮੰਗਲ ਤੇ ਹਰਦੇਵ ਸ਼ਬਦਾਂ ਤੇ ਸੁਰਾਂ ਵਿੱਚ ਗੁਆਚੇ ਹੋਏ ਸਨ। ਸਾਨੂੰ ਦੋਹਾਂ ਨੂੰ ਦੇਖਕੇ ਉਹਨਾਂ ਨੂੰ ਚਾਅ ਚੜ੍ਹ ਗਿਆ ਤੇ ਸੂਫ਼ੀ ਸਾਹਿਬ ਬੋਲੇ, "ਆਓ ਵੀ ਮੁਕਤਸਰ ਆਲਿਓ ਕਿਵੇਂ ਆਉਣਾ ਹੋਇਆ।" ਸਾਰੀ ਗੱਲ ਦੱਸੀ ਤਾਂ ਮੰਗਲ ਭਾ ਕਹਿਣ ਲੱਗਾ, "ਗੱਲ ਕੋਈ ਨਈ ਨਿੱਕਿਓ, ਹਰਦੇਵ ਤੁਹਾਡੇ ਫੰਕਸ਼ਨ 'ਤੇ ਐਨ ਟੈਮ 'ਤੇ ਪਹੁੰਚ ਜਾਵੇਗਾ। ਮੰਗਲ ਦੇ ਇਹਨਾਂ ਬੋਲਾਂ ਨੇ ਸਾਨੂੰ ਹੌਂਸਲੇ ਵਿੱਚ ਕਰ ਦਿੱਤਾ ਤੇ ਸਾਡੀ ਸਾਰੀ ਚਿੰਤਾ ਹਵਾ ਹੋ ਗਈ। ਹਰਦੇਵ ਹੁਰਾਂ ਨੇ ਹਾਮੀ ਭਰੀ ਤਾਂ ਅਸੀਂ ਹੋਰ ਵੀ ਖ਼ੁਸ਼ ਹੋ ਗਏ। ਕਿਉਂਕਿ ਉਹਨਾਂ ਦਿਨਾਂ ਵਿੱਚ ਹਰਦੇਵ ਭਾਅ ਬਹੁਤ ਹੀ ਬਿਜ਼ੀ ਸਨ ਤੇ ਉਨਾਂ ਕੋਲ ਟਾਈਮ ਘੱਟ ਵੱਧ ਹੀ ਹੁੰਦਾ ਸੀ। ਗੱਲਾਂ ਕਰਦਿਆਂ-ਕਰਦਿਆਂ ਪਤਾ ਈ ਨੀ ਲੱਗਿਆ ਕਿ ਬਾਹਰ ਡੂੰਘੀ