ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਉੱਤਰ ਆਈ ਏ। ਉਹਨਾਂ ਦਿਨਾਂ ਵਿੱਚ ਹਾਲਾਤ ਬਹੁਤ ਹੀ ਖਰਾਬ ਸਨ ਤੇ ਬੱਸਾਂ ਸਮੇਂ ਸਿਰ ਆਪੋ-ਆਪਣੇ ਟਿਕਾਣਿਆਂ 'ਤੇ ਪਹੁੰਚ ਜਾਂਦੀਆਂ ਸਨ। ਟਾਈਮ ਦੇਖਿਆ ਤਾਂ ਅਸੀਂ ਇਕਦਮ ਖੜ੍ਹੇ ਹੋ ਗਏ ਤੇ ਉਹਨਾਂ ਤੋਂ ਆਗਿਆ ਮੰਗੀ ਤੇ ਸਾਡੇ ਨਾਲ ਹੀ ਮੰਗਲ ਭਾ ਵੀ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ, "ਮੈਂ ਛੱਡਦਾ ਹਾਂ ਥੋਨੂੰ ਬੱਸ ਅੱਡੇ। ਮੈਨੂੰ ਯਾਦ ਹੈ ਕਿ ਪੂਰਾ ਇੱਕ ਘੰਟਾ ਅਸੀਂ ਬੱਸ ਅੱਡੇ ਤੇ ਖੜ੍ਹੇ ਰਹੇ ਨਾ ਤਾਂ ਕੋਈ ਬੱਸ ਅਬੋਹਰ ਵਾਲੇ ਪਾਸਿਓਂ ਆਵੇ ਤੇ ਨਾ ਹੀ ਡੱਬਵਾਲੀ ਪਾਸਿਉਂ। ਉੱਤੋਂ ਮਾਹੌਲ ਖਰਾਬ। ਅਸੀਂ ਥੋੜ੍ਹਾ ਜਿਹਾ ਸਹਿਮੇ ਜ਼ਰੂਰ ਸਾਂ ਪਰ ਮੰਗਲ ਭਾਅ ਸਾਡੇ ਨਾਲ ਸੀ, ਇਸ ਲਈ ਹੌਂਸਲੇ ਵਿੱਚ ਵੀ ਸਾਂ। ਬੱਸ ਆਉਣ ਦਾ ਕੋਈ ਪਤਾ ਨਹੀਂ ਸੀ ਤੇ ਮੰਗਲ ਭਾਅ ਸਾਡੇ ਨਾਲ ਖੜ੍ਹਾ ਨਿੱਕੀਆਂ ਗੱਲਾਂ ਕਰ ਰਿਹਾ ਸੀ। ਮੈਂ ਇੱਕ ਦੋ ਵਾਰ ਕਿਹਾ ਵੀ ਕਿ, 'ਤੁਸੀਂ ਘਰ ਪਹੁੰਚੋਂ, ਜਦੋਂ ਬੱਸ ਆਈ ਅਸੀਂ ਚੜ੍ਹ ਜਾਵਾਂਗੇ, ਤੁਸੀਂ ਫਿਕਰ ਨਾ ਕਰੋ ਪਲੀਜ਼ ਤੁਸੀਂ ਘਰ ਜਾਓ।'

ਮੇਰੀ ਗੱਲ ਸੁਣਕੇ ਮੰਗਲ ਬੜੇ ਹੀ ਮੋਹ ਨਾਲ ਬੋਲਿਆ, 'ਲੈ ਮੈਂ ਕਿਵੇਂ ਚਲਾ ਜਾਵਾਂ ਘਰੇ ਨਿੱਕੇ ਵੀਰ, ਜੇ ਬੱਸ ਨਾ ਆਈ ਤਾਂ ਤੁਸੀਂ ਵੀ ਮੇਰੇ ਨਾਲ ਘਰ ਹੀ ਚੱਲਣਾ ਹੈ, ਤੁਹਾਨੂੰ 'ਕੱਲਿਆਂ ਨੂੰ ਕਿਵੇਂ ਛੱਡ ਜਾਵਾਂ। ਉਸਦੇ ਬੋਲਾਂ ਵਿੱਚ ਵੱਡੇ ਭਰਾਵਾਂ ਵਾਲਾ ਮੋਹ ਤੇ ਫ਼ਿਕਰ ਸੀ। ਮੈਂ ਸੋਚਦਾਂ ਜੇ ਮੰਗਲ ਦੀ ਥਾਂ ਕੋਈ ਹੋਰ ਹੁੰਦਾ ਤਾਂ ਪਹਿਲੀ ਗੱਲ ਇਹ ਕਿ ਉਸਨੇ ਹਰਦੇਵ ਦੇ ਘਰੋਂ ਉੱਠਣਾ ਹੀ ਨਹੀਂ ਸੀ, ਜੇ ਕੋਈ ਮਜ਼ਬੂਰੀ ਦਾ ਮਾਰਿਆ ਉੱਠ ਵੀ ਪੈਂਦਾ ਤਾਂ ਬੱਸ ਅੱਡੇ ਪਹੁੰਚਕੇ ਬਾਏ-ਬਾਏ ਕਰਕੇ ਡੰਡੀ ਪੈਂਦਾ। ਉਸਨੂੰ ਸਾਡਾ ਕੀ ਫ਼ਿਕਰ ਹੋਣਾ ਸੀ ਪਰ ਮੰਗਲ ਤਾਂ ਮੰਗਲ ਸੀ ਪੂਰਾ ਸਮਾਂ ਆਸਰਾ ਬਣਕੇ ਖੜ੍ਹਾ ਰਿਹਾ।

ਜਦੋਂ ਮੰਗਲ ਭਾਅ ਦੀ ਕਿਤਾਬ "ਜਦੋਂ ਹਾਸੇ ਯਤੀਮ ਹੁੰਦੇ ਨੇ" ਛਪੀ ਤਾਂ ਉਹ ਖੂਬਸੂਰਤ ਪੁਸਤਕ ਸੁਭਾਸ਼ ਦੁੱਗਲ ਦੇ ਰਾਹੀਂ ਸਾਡੇ ਤੀਕ ਪਹੁੰਚੀ। ਇਹ ਕਿਤਾਬ ਦੇਖਕੇ ਸਾਡੇ ਮਨਾਂ ਦੇ ਕੌਲ ਫੁੱਲ ਖਿੜ ਗਏ ਕਿ ਹੁਣ ਅਸੀਂ ਮੰਗਲ ਭਾਅ ਨੂੰ ਪੂਰੇ ਦਾ ਪੂਰਾ ਪੜਾਂਗੇ। ਪਰ ਸਮੱਸਿਆ ਇਹ ਸੀ ਕਿ ਸਾਡੇ ਤਿੰਨ ਚਾਰ ਦੋਸਤਾਂ ਕੋਲ ਸਿਰਫ਼ ਇੱਕੋ ਹੀ ਕਿਤਾਬ ਸੀ। ਵਾਰੀ ਨਾਲ ਸਾਰੇ ਇਸਨੂੰ ਪੜ੍ਹਦੇ ਸਾਂ। ਜੇ ਇੱਕ ਜਣਾ ਇੱਕ ਦੋ ਦਿਨ ਕਿਤਾਬ ਵੱਧ ਰੱਖ ਲੈਂਦਾ ਤਾਂ ਉਸਦੀ ਪੂਰੀ ਰੇਲ ਬਣਦੀ ਪਰ ਜਦੋਂ ਕਿਤਾਬ ਹੱਥ ਲੱਗੀ ਤਾਂ ਮੈਂ ਇਹ ਕਿਤਾਬ ਪੂਰੇ ਵੀਹ-ਬਾਈ ਦਿਨ ਆਪਣੇ ਕੋਲ ਰੱਖੀ, ਮਿੱਤਰਾਂ ਦੀਆਂ ਗਾਲ੍ਹਾਂ ਸੁਣਦਾ ਪਰ ਮੰਗਲ ਦੀਆਂ ਗ਼ਜ਼ਲਾਂ ਤੇ ਗੀਤ ਪੜ੍ਹਕੇ ਅੰਬਰਾਂ ਵਿੱਚ ਉੱਡਿਆ ਫਿਰਦਾ।

ਮੰਗਲ ਦੀ ਇਸ ਕਿਤਾਬ ਦੀ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡੀ ਭੂਮਿਕਾ ਹੈ। ਉਹਨਾਂ ਸਮਿਆਂ ਵਿੱਚ ਜਿਹੜੇ ਗੀਤ ਮੇਰੇ ਮਨ ਨੂੰ ਛੂੰਹਦੇ, ਜਿਹੜੀਆਂ ਗ਼ਜ਼ਲਾਂ ਮੇਰੇ ਦਿਲ ਜਾਦੂ ਕਰਦੀਆਂ ਉਹਨਾਂ ਵਿੱਚੋਂ ਜ਼ਿਆਦਾਤਾਰ ਲਿਖਤਾਂ ਮੰਗਲ ਦੀਆਂ ਹੀ ਹੁੰਦੀਆਂ ਸਨ।